ਕਾਂਗਰਸੀ ਆਗੂ ਨਕਲੀ ਦੇਸ਼ ਭਗਤ : ਨੱਢਾ
Saturday, Aug 10, 2024 - 11:50 PM (IST)
ਰਾਜਕੋਟ, (ਭਾਸ਼ਾ)- ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਜੇ. ਪੀ. ਨੱਢਾ ਨੇ ਸ਼ਨੀਵਾਰ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਇਸ ਦੇ ਨੇਤਾਵਾਂ ਨੂੰ ‘ਨਕਲੀ ਦੇਸ਼ ਭਗਤ’ ਕਰਾਰ ਦਿੱਤਾ ਤੇ ਉਨ੍ਹਾਂ ’ਤੇ ਸਮਾਜ ਨੂੰ ਵੰਡਣ ਤੇ ਸਿਰਫ ਇਕ ਹੀ ਪਰਿਵਾਰ ਦੀ ਸੇਵਾ ਕਰਨ ਦਾ ਦੋਸ਼ ਲਾਇਆ।
ਗੁਜਰਾਤ ਦੇ ਰਾਜਕੋਟ ’ਚ ਭਾਜਪਾ ਦੀ ਤਿਰੰਗਾ ਯਾਤਰਾ ਨੂੰ ਹਰੀ ਝੰਡੀ ਵਿਖਾਉਣ ਤੋਂ ਪਹਿਲਾਂ ਇਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਨੱਢਾ ਨੇ ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਉਨ੍ਹਾਂ ’ਤੇ ਨਿਸ਼ਾਨਾ ਵਿੰਨ੍ਹਿਆ।
ਨੱਢਾ ਨੇ ਕਿਹਾ ਕਿ ਸੌੜੀ ਸੋਚ ਵਾਲੇ ‘ਭਾਰਤ ਜੋੜੋ ਯਾਤਰਾ’ ਰਾਹੀਂ ਦੇਸ਼ ਨੂੰ ਇਕਜੁੱਟ ਕਰਨ ਵਿਚ ਲੱਗੇ ਹੋਏ ਹਨ, ਪਰ ਉਨ੍ਹਾਂ ਭਾਰਤ ਨੂੰ ਇਕਜੁੱਟ ਕਰਨ ਵਿਚ ਸਰਦਾਰ ਪਟੇਲ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਕੀਤਾ।
ਨੱਢਾ ਨੇ ਕਾਂਗਰਸ ’ਤੇ ਚੰਦਰਸ਼ੇਖਰ ਆਜ਼ਾਦ, ਭਗਤ ਸਿੰਘ, ਰਾਜਗੁਰੂ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਸਮੇਤ ਹੋਰ ਆਜ਼ਾਦੀ ਘੁਲਾਟੀਆਂ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਕਰਨ ਦਾ ਵੀ ਦੋਸ਼ ਲਾਇਆ।
ਉਨ੍ਹਾਂ ਕਿਹਾ ਕਿ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਤੱਕ ਇਕ ਵੀ ਕਾਂਗਰਸੀ ਆਗੂ ਕੇਵੜੀਆ ਵਿਖੇ ਉਸ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੇ ‘ਸਟੈਚੂ ਆਫ ਯੂਨਿਟੀ’ ’ਤੇ ਫੁੱਲ ਚੜ੍ਹਾਉਣ ਲਈ ਨਹੀਂ ਗਿਆ, ਜਿਸ ਨੇ 562 ਰਿਆਸਤਾਂ ਨੂੰ ਇਕੱਠਾ ਕਰ ਕੇ ਇਸ ਮਹਾਨ ਭਾਰਤ ਦੀ ਸਿਰਜਣਾ ਕੀਤੀ।
ਨੱਢਾ ਨੇ ਕਿਹਾ ਕਿ ਆਓ ਉਸ ਨੂੰ ਪ੍ਰਣਾਮ ਕਰੀਏ ਜਿਸ ਨੇ ਭਾਰਤ ਨੂੰ ਇਕਜੁੱਟ ਕੀਤਾ। ਕਦੇ ਗੁਜਰਾਤ ਦੇ ਕੇਵੜੀਆ ਆ ਕੇ ਦੇਸ਼ ਨੂੰ ਇਕਜੁੱਟ ਕਰਨ ਵਾਲੇ ਲੋਹ ਪੁਰਸ਼ ਸਰਦਾਰ ਪਟੇਲ ਨੂੰ ਨਮਨ ਕਰੋ। ਭਾਰਤ ਜੋੜੋ ਯਾਤਰਾ ਦਾ ਆਯੋਜਨ ਕਰਨ ਵਾਲੇ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤ ਨੂੰ ਇਕਜੁੱਟ ਕਰਨ ਵਿਚ ਸਰਦਾਰ ਪਟੇਲ ਦਾ ਕਿੰਨਾ ਵੱਡਾ ਯੋਗਦਾਨ ਸੀ।
ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਤੇ ਇਸ ਦੇ ਨੌਜਵਾਨ ਉਨ੍ਹਾਂ ਨਕਲੀ ਦੇਸ਼ ਭਗਤਾਂ ਨੂੰ ਸੱਚ ਦਿਖਾ ਦੇਣਗੇ ਜੋ ਦੇਸ਼ ਨੂੰ ਸਿਆਸਤ ਦੀ ਨਜ਼ਰ ਨਾਲ ਵੇਖਦੇ ਹਨ ਤੇ ਸਿਆਸਤ ਦੀ ਖਾਤਰ ਆਪਣੇ ਹਿੱਤਾਂ ਦੀ ਪੂਰਤੀ ਲਈ ਸਮਾਜ ਨੂੰ ਵੰਡਦੇ ਹਨ।
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਕਿ ਉਹ ਕਾਂਗਰਸੀ ਨੇਤਾਵਾਂ ਨੂੰ ਯਾਦ ਦੁਆਉਣਾ ਚਾਹੁੰਦੇ ਹਨ ਕਿ ਦੇਸ਼ ਸਰਦਾਰ ਪਟੇਲ ਤੇ ਉਨ੍ਹਾਂ ਹੋਰ ਦੇਸ਼ ਭਗਤਾਂ ਦੇ ਯੋਗਦਾਨ ਨੂੰ ਕਦੇ ਨਹੀਂ ਭੁੱਲੇਗਾ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ।