ਮੁਸਲਮਾਨਾਂ ਨੇ ਰਾਮ ਨੌਮੀ ਸ਼ੋਭਾ ਯਾਤਰਾ ’ਤੇ ਕੀਤੀ ਫੁੱਲਾਂ ਦੀ ਵਰਖਾ

Monday, Apr 07, 2025 - 12:17 AM (IST)

ਮੁਸਲਮਾਨਾਂ ਨੇ ਰਾਮ ਨੌਮੀ ਸ਼ੋਭਾ ਯਾਤਰਾ ’ਤੇ ਕੀਤੀ ਫੁੱਲਾਂ ਦੀ ਵਰਖਾ

ਮਾਲਦਾ, (ਭਾਸ਼ਾ)- ਪੱਛਮੀ ਬੰਗਾਲ ਦੇ ਮਾਲਦਾ ’ਚ ਮੁਸਲਮਾਨਾਂ ਨੇ ਰਾਮ ਨੌਮੀ ’ਤੇ ਸ਼ਰਧਾਲੂਆਂ ਦਾ ਸਵਾਗਤ ਮਠਿਆਈ ਨਾਲ ਕੀਤਾ ਅਤੇ ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕੀਤੀ। ਸ਼ਹਿਰ ਦੀਆਂ ਸੜਕਾਂ ’ਤੇ ਐਤਵਾਰ ਨੂੰ ‘ਜੈ ਸ਼੍ਰੀ ਰਾਮ’ ਦੇ ਨਾਅਰਿਆਂ ਦੀ ਗੂੰਜ ਨਾਲ ਇਕਜੁੱਟਤਾ ਦੀ ਵੀ ਭਾਵਨਾ ਦਿਸੀ। ਰਾਮ ਨੌਮੀ ’ਤੇ ਸ਼ਰਧਾਲੂਆਂ ਨੇ ਸ਼ਹਿਰ ’ਚ ਸ਼ੋਭਾ ਯਾਤਰਾ ਸਜਾਈ, ਜਦੋਂ ਕਿ ਮੁਸਲਮਾਨ ਭਾਈਚਾਰੇ ਦੇ ਮੈਂਬਰ ਹਿੰਦੂ ਭਾਈਚਾਰੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਸਨ ਅਤੇ ਸ਼ਰਧਾਲੂਆਂ ਨੂੰ ਮਠਾਇਆਂ ਅਤੇ ਪਾਣੀ ਦੀਆਂ ਬੋਤਲਾਂ ਵੰਡ ਰਹੇ ਸਨ।

ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਵੱਲੋਂ ਆਯੋਜਿਤ ਸਾਲਾਨਾ ਰਾਮ ਨੌਮੀ ਸ਼ੋਭਾ ਯਾਤਰਾ ’ਚ ਭਗਵਾ ਕਪੜੇ ਪਹਿਨੇ ਹਜ਼ਾਰਾਂ ਲੋਕ ਸ਼ਾਮਲ ਹੋਏ।

ਹਾਲਾਂਕਿ ਇਸ ਸਾਲ ਦੇ ਸਮਾਰੋਹ ਨੂੰ ਬੇਮਿਸਾਲ ਬਣਾਉਣ ਵਾਲੀ ਗੱਲ ਸਿਰਫ ਲੋਕਾਂ ਦੀ ਹਾਜ਼ਰੀ ਹੀ ਨਹੀਂ ਸੀ, ਸਗੋਂ ਉਹ ਸਦਭਾਵਨਾ ਸੀ, ਜੋ ਧਾਰਮਿਕ ਹੱਦਾਂ ਤੋਂ ਪਾਰ ਸਹਿਜਤਾ ਨਾਲ ਵਹਿ ਤੁਰੀ। ਸ਼ੋਭਾ ਯਾਤਰਾ ਜਦੋਂ ਇੰਗਲਿਸ਼ ਬਾਜ਼ਾਰ ਇਲਾਕੇ ’ਚੋਂ ਲੰਘੀ ਤਾਂ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਸ਼ੋਭਾ ਯਾਤਰਾ ’ਚ ਸ਼ਾਮਲ ਸ਼ਰਧਾਲੂਆਂ ’ਤੇ ਆਪਣੇ ਘਰਾਂ ਦੀਆਂ ਛੱਤਾਂ ਅਤੇ ਬਾਲਕਨੀਆਂ ਤੋਂ ਫੁੱਲਾਂ ਦੀ ਵਰਖਾ ਕੀਤੀ। ਨਾਲ ਹੀ ਸ਼ੋਭਾ ਯਾਤਰਾ ਦੇ ਰਸਤੇ ’ਚ ਭਾਰਤ ਦੇ ਨਕਸ਼ੇ ਦੇ ਆਕਾਰ ਦੀ ਇਕ ਵਿਸ਼ਾਲ ਮਾਲਾ ਲਗਾਈ ਗਈ ਸੀ।


author

Rakesh

Content Editor

Related News