ਕਸ਼ਮੀਰੀਅਤ ਦੀ ਮਿਸਾਲ : ਮੁਸਲਮਾਨਾਂ, ਪੰਡਿਤਾਂ ਨੇ 80 ਸਾਲ ਪੁਰਾਣੇ ਮੰਦਰ ਨੂੰ ਕੀਤਾ ਮੁੜ ਸਥਾਪਤ
Tuesday, Mar 05, 2019 - 10:47 PM (IST)

ਸ਼੍ਰੀਨਗਰ (ਮਜੀਦ)— ਦੱਖਣੀ ਕਸ਼ਮੀਰ ਵਿਚ ਪੁਲਵਾਮਾ ਜ਼ਿਲੇ ਦੇ ਅਚਨ ਪਿੰਡ ਵਿਚ ਮੁਸਲਮਾਨਾਂ ਅਤੇ ਪੰਡਿਤਾਂ ਨੇ ਮਿਲ ਕੇ 80 ਸਾਲ ਪੁਰਾਣੇ ਮੰਦਰ ਨੂੰ ਮੁੜ ਸਥਾਪਤ ਕੀਤਾ। ਮੁੜ ਸਥਾਪਨਾ ਦਾ ਕੰਮ ਕਸ਼ਮੀਰੀਆਂ ’ਤੇ ਹਮਲਿਆਂ ਅਤੇ ਵੱਡੇ ਪੱਧਰ ’ਤੇ ਤਣਾਅ ਤੋਂ ਬਾਅਦ ਰੋਕ ਦਿੱਤਾ ਗਿਆ ਸੀ। ਉਥੇ ਹੀ ਮਹਾ ਸ਼ਿਵਰਾਤਰੀ ’ਤੇ ਫਿਰ ਤੋਂ ਕੰਮ ਸ਼ੁਰੂ ਕੀਤਾ ਗਿਆ। ਇਸ ਦੌਰਾਨ ਮੁਸਲਮਾਨਾਂ ਨੇ ਮੰਦਰ ਵਿਚ ਸਾਰਿਆਂ ਲਈ ਰਵਾਇਤੀ ਕਸ਼ਮੀਰੀ ਕਹਿਵਾ ਚਾਹ ਪਿਲਾਈ। ਪਿੰਡ ਵਿਚ ਜਾਮੀਆ ਮਸਜਿਦ ਕੋਲ ਸਥਿਤ ਮੰਦਰ ਦੀ ਖਸਤਾ ਹਾਲਤ ਕਾਰਨ ਪੰਡਿਤ ਪਰਿਵਾਰ ਨੇ ਮਸਜਿਦ ਓਕਾਫ ਕਮੇਟੀ ਨਾਲ ਸੰਪਰਕ ਕੀਤਾ ਸੀ।
ਸਥਾਨਕ ਲੋਕਾਂ ਮੁਹੰਮਦ ਯੂਨਿਸ ਨਾਮੀ ਸਥਾਨਕ ਨਿਵਾਸੀ ਨੇ ਕਿਹਾ ਕਿ ਸਾਡੀ ਹਾਰਦਿਕ ਇੱਛਾ ਹੈ ਕਿ 30 ਸਾਲ ਪਹਿਲਾਂ ਵਾਲਾ ਉਹੀ ਪੁਰਾਣਾ ਸਮਾਂ ਵਾਪਸ ਆਏ, ਜਦ ਮੰਦਰ ਦੀਆਂ ਘੰਟੀਆਂ ਵੱਜਦੀਆਂ ਸਨ ਅਤੇ ਦੂਜੇ ਪਾਸੇ ਮਸਜਿਦ ਵਿਚ ਅਜਾਨ ਦੀ ਆਵਾਜ਼ ਅਉਂਦੀ ਸੀ। ਇਕ ਹੋਰ ਨਿਵਾਸੀ ਭੂਸ਼ਣ ਲਾਲ ਨੇ ਕਿਹਾ ਕਿ ਸਾਡੇ ਗੁਆਂਢੀ ਮੁਸਲਮਾਨ ਅਜਿਹਾ ਕਰ ਰਹੇ ਹਨ, ਕਿਉਂਕਿ ਉਹ ਇਸ ਮੰਦਰ ਦਾ ਸਨਮਾਨ ਕਰਦੇ ਹਨ। ਇਸ ਕੰਮ ਨੂੰ ਦੇਖ ਰਹੇ ਮੁਹੰਮਦ ਮਕਬੂਲ ਨੇ ਕਿਹਾ ਕਿ ਮੰਦਰ ਨੂੰ ਬਹਾਲ ਕਰਨ ਲਈ ਯਤਨ ਕਰ ਰਹੇ ਹਾਂ, ਸਾਡੇ ਪੰਡਿਤ ਭਰਾਵਾਂ ਨੂੰ ਇਹ ਨਹੀਂ ਲੱਗਣਾ ਚਾਹੀਦਾ ਕਿ ਉਨ੍ਹਾਂ ਦਾ ਮੰਦਰ ਅਧੂਰਾ ਹੈ।