ਭਾਜਪਾ ਦੀ ਜਿੱਤ ਦਾ ਜਸ਼ਨ ਮਨਾਉਣ ''ਤੇ ਕੁੱਟੇ ਗਏ ਮੁਸਲਿਮ ਨੌਜਵਾਨ ਦੀ ਹਸਪਤਾਲ ''ਚ ਮੌਤ

Monday, Mar 28, 2022 - 12:15 PM (IST)

ਭਾਜਪਾ ਦੀ ਜਿੱਤ ਦਾ ਜਸ਼ਨ ਮਨਾਉਣ ''ਤੇ ਕੁੱਟੇ ਗਏ ਮੁਸਲਿਮ ਨੌਜਵਾਨ ਦੀ ਹਸਪਤਾਲ ''ਚ ਮੌਤ

ਗੋਰਖਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਪੂਰਨ ਬਹੁਮਤ ਮਿਲਣ ਤੋਂ ਬਾਅਦ ਕੁਸ਼ੀਨਗਰ ਜ਼ਿਲ੍ਹੇ 'ਚ ਮਠਿਆਈਆਂ ਵੰਡਣ ਅਤੇ ਜਸ਼ਨ ਮਨਾਉਣ ਲਈ ਮੁਸਲਿਮ ਨੌਜਵਾਨ ਬਾਬਰ ਅਲੀ (25) ਨੂੰ ਉਸ ਦੇ ਭਾਈਚਾਰੇ ਦੇ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਿਆ। ਜਿਸ ਤੋਂ ਬਾਅਦ ਲਖਨਊ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਐਤਵਾਰ ਸ਼ਾਮ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਪੁਲਸ ਨੇ ਐੱਫ.ਆਈ.ਆਰ. ਦਰਜ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ, ਜਦੋਂਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ। ਜਾਣਕਾਰੀ ਮੁਤਾਬਕ ਰਾਮਕੋਲਾ ਥਾਣਾ ਖੇਤਰ ਦੇ ਪਿੰਡ ਕਾਠਗੜੀ 'ਚ ਬੀਤੀ 20 ਮਾਰਚ ਨੂੰ ਭਾਜਪਾ ਦੀ ਜਿੱਤ ਦਾ ਜਸ਼ਨ ਮਨਾਉਣ ਅਤੇ ਪਾਰਟੀ ਦੇ ਚੋਣ ਪ੍ਰਚਾਰ 'ਚ ਹਿੱਸਾ ਲੈਣ ਆਏ ਬਾਬਰ ਦੀ ਉਸ ਦੇ ਗੁਆਂਢੀਆਂ ਨੇ ਕੁੱਟਮਾਰ ਕੀਤੀ ਸੀ। ਅਧਿਕਾਰੀਆਂ ਮੁਤਾਬਕ ਬਾਬਰ ਦੀ ਲਖਨਊ 'ਚ ਇਲਾਜ ਦੌਰਾਨ ਮੌਤ ਹੋ ਗਈ ਅਤੇ ਜਦੋਂ ਲਾਸ਼ ਐਤਵਾਰ ਨੂੰ ਪਿੰਡ ਪਹੁੰਚੀ ਤਾਂ ਰਿਸ਼ਤੇਦਾਰਾਂ ਨੇ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਹਾਲਾਂਕਿ, ਕੁਸ਼ੀਨਗਰ ਤੋਂ ਭਾਜਪਾ ਦੇ ਨਵੇਂ ਚੁਣੇ ਵਿਧਾਇਕ ਪੀ.ਐੱਨ. ਪਾਠਕ ਅਤੇ ਹੋਰ ਅਧਿਕਾਰੀ ਉੱਥੇ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਨੂੰ ਸਮਝਾਇਆ, ਜਿਸ ਤੋਂ ਬਾਅਦ ਉਹ ਲਾਸ਼ ਨੂੰ ਦਫ਼ਨਾਉਣ ਲਈ ਰਾਜ਼ੀ ਹੋ ਗਏ।

ਇਹ ਵੀ ਪੜ੍ਹੋ : ਡੇਰਾ ਮੁਖੀ ਰਾਮ ਰਹੀਮ ਦੀ ਸੁਨਾਰੀਆ ਜੇਲ੍ਹ ਤੋਂ ਆਈ ਚਿੱਠੀ, ਲਿਖੀ ਇਹ ਗੱਲ

ਅਧਿਕਾਰੀਆਂ ਮੁਤਾਬਕ ਮ੍ਰਿਤਕ ਦੀ ਪਤਨੀ ਫਾਤਿਮਾ ਖਾਤੂਨ ਦੀ ਸ਼ਿਕਾਇਤ 'ਤੇ ਪੁਲਸ ਨੇ 21 ਮਾਰਚ ਨੂੰ ਚਾਰ ਲੋਕਾਂ ਅਜ਼ੀਮੁੱਲਾ, ਆਰਿਫ਼, ਸਲਮਾ ਅਤੇ ਤਾਹਿਦ ਦੇ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋ ਦੋਸ਼ੀਆਂ ਆਰਿਫ਼ ਅਤੇ ਤਾਹਿਦ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਦੋਂਕਿ ਬਾਕੀ ਦੀ ਭਾਲ ਜਾਰੀ ਹੈ। ਰਿਪੋਰਟ ਮੁਤਾਬਕ ਬਾਬਰ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੇ ਪੀ.ਐੱਨ ਪਾਠਕ ਲਈ ਪ੍ਰਚਾਰ ਕਰਦਾ ਸੀ ਅਤੇ ਪਾਰਟੀ ਦੀ ਜਿੱਤ ਵਾਲੇ ਦਿਨ ਉਸ ਨੇ ਨਾ ਸਿਰਫ਼ ਪਟਾਕੇ ਚਲਾਏ, ਸਗੋਂ ਮਠਿਆਈਆਂ ਵੀ ਵੰਡੀਆਂ, ਜਿਸ ਤੋਂ ਬਾਅਦ ਗੁਆਂਢੀ ਬਹੁਤ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਉਸ ਨੂੰ ਮਾਰਨ ਦੀ ਧਮਕੀ ਦਿੱਤੀ। ਰਿਪੋਰਟ ਮੁਤਾਬਕ 20 ਮਾਰਚ ਨੂੰ ਬਾਬਰ ਦੇ ਗੁਆਂਢੀਆਂ ਨੇ ਉਸ ਨੂੰ ਘਰ 'ਚ ਘੇਰ ਲਿਆ ਅਤੇ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਉਹ ਖੁਦ ਨੂੰ ਬਚਾਉਣ ਲਈ ਛੱਤ 'ਤੇ ਚੜ੍ਹਿਆ ਤਾਂ ਉਨ੍ਹਾਂ ਨੇ ਉਸ ਨੂੰ ਉਥੋਂ ਹੇਠਾਂ ਸੁੱਟ ਦਿੱਤਾ। ਬਾਬਰ ਦੇ ਭਰਾ ਚੰਦੇ ਆਲਮ ਅਤੇ ਪਤਨੀ ਫਾਤਿਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਗੁਆਂਢੀਆਂ ਤੋਂ ਬਚਾਅ ਲਈ ਕਈ ਵਾਰ ਪੁਲਸ ਅਤੇ ਹੋਰ ਅਧਿਕਾਰੀਆਂ ਕੋਲ ਗਏ ਪਰ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ। ਇਸ ਦੌਰਾਨ ਭਾਜਪਾ ਵਿਧਾਇਕ ਪੀਐਨ ਪਾਠਕ ਨੇ ਕਿਹਾ ਕਿ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਸ ਅਧਿਕਾਰੀ ਸੰਦੀਪ ਵਰਮਾ ਨੇ ਦੱਸਿਆ ਕਿ ਬਾਬਰ ਅਲੀ ’ਤੇ 21 ਮਾਰਚ ਨੂੰ ਕੁੱਟਮਾਰ ਕਰਨ ਅਤੇ ਜ਼ਖ਼ਮੀ ਕਰਨ ਦਾ ਕੇਸ ਦਰਜ ਕੀਤਾ ਗਿਆ ਸੀ ਅਤੇ 25 ਮਾਰਚ ਨੂੰ ਉਸ ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਬਾਕੀ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਵਰਮਾ ਅਨੁਸਾਰ ਮੁਲਜ਼ਮ ਅਤੇ ਪੀੜਤ ਇਕੋ ਭਾਈਚਾਰੇ ਨਾਲ ਸਬੰਧਤ ਹਨ। ਇਸ ਦੌਰਾਨ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬਾਬਰ ਅਲੀ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਉਨ੍ਹਾਂ ਅਧਿਕਾਰੀਆਂ ਨੂੰ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੇ ਨਿਰਦੇਸ਼ ਦਿੱਤੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News