ਮੁਸਲਿਮ ਬੀਬੀ ਕਰਦੀ ਹੈ ਮ੍ਰਿਤਕਾਂ ਦਾ ਦਾਹ ਸੰਸਕਾਰ, ਅਜਿਹਾ ਪੇਸ਼ਾ ਚੁਣਨ ਪਿੱਛੇ ਹੈ ਖ਼ਾਸ ਵਜ੍ਹਾ
Wednesday, Sep 29, 2021 - 06:20 PM (IST)
ਕੇਰਲ (ਭਾਸ਼ਾ)— ਸ਼ਮਸ਼ਾਨਘਾਟ ’ਚ ਰੋਜ਼ ਸਵੇਰੇ ਦੀਵਾ ਜਗਾ ਕੇ ਮੁਸਲਿਮ ਮਹਿਲਾ ਸੁਬੀਨਾ ਰਹਿਮਾਨ ਲਾਸ਼ਾਂ ਦੇ ਦਾਹ ਸੰਸਕਾਰ ਲਈ ਤਿਆਰੀ ਕਰਦੀ ਹੈ। ਇਸ ਦੌਰਾਨ ਉਹ ਕਦੇ ਵੀ ਆਪਣੇ ਧਰਮ ਬਾਰੇ ਨਹੀਂ ਸੋਚਦੀ। ਸਿਰ ਢੱਕ ਕੇ ਰਹਿਣ ਵਾਲੀ ਸੁਬੀਨਾ ਰਹਿਮਾਨ ਹੋਰਨਾਂ ਤੋਂ ਬਿਹਤਰ ਜਾਣਦੀ ਹੈ ਕਿ ਮੌਤ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਸਾਰਿਆਂ ਨੂੰ ਖ਼ਾਲੀ ਹੱਥ ਹੀ ਅੰਤਿਮ ਸਫ਼ਰ ’ਤੇ ਜਾਣਾ ਹੁੰਦਾ ਹੈ। ਮੱਧ ਕੇਰਲ ਦੇ ਤ੍ਰਿਸ਼ੂਲ ਜ਼ਿਲ੍ਹੇ ਦੇ ਇਰਿਜਾਲਾਕੁਡਾ ਵਿਚ ਇਕ ਹਿੰਦੂ ਸ਼ਮਸ਼ਾਨਘਾਟ ’ਚ ਪਿਛਲੇ ਤਿੰਨ ਸਾਲਾਂ ਤੋਂ ਲਾਸ਼ਾਂ ਦਾ ਦਾਹ ਸੰਸਕਾਰ ਕਰ ਰਹੀ ਸੁਬੀਨਾ ਗਰੈਜੂਏਟ ਦੀ ਪੜ੍ਹਾਈ ਪੂਰੀ ਨਹੀਂ ਕਰ ਸਕੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਹੁਣ ਤਕ ਕਈ ਲਾਸ਼ਾਂ ਦਾ ਦਾਹ ਸੰਸਕਾਰ ਕੀਤਾ ਹੈ, ਜਿਸ ’ਚ ਕਰੀਬ 250 ਲਾਸ਼ਾਂ ਕੋਵਿਡ-19 ਮਰੀਜ਼ਾਂ ਦੀਆਂ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਪਤਨੀ 'ਤੇ ਨਾਜਾਇਜ਼ ਸਬੰਧਾਂ ਦਾ ਸ਼ੱਕ, ਪਤੀ ਨੇ ਬੱਚਿਆਂ ਨੂੰ ਦਰੱਖ਼ਤ ਨਾਲ ਲਟਕਾ ਕੇ ਫਿਰ ਕੀਤੀ ਖ਼ੁਦਕੁਸ਼ੀ
ਕੋਵਿਡ-19 ਮਰੀਜ਼ਾਂ ਦੇ ਦਾਹ ਸੰਸਕਾਰ ਦੌਰਾਨ ਘੰਟਿਆਂ ਬੱਧੀ ਪੀ. ਪੀ. ਈ. ਕਿੱਟ ਪਹਿਨੇ ਰਹਿਣ ਅਤੇ ਪਸੀਨੇ ਨਾਲ ਭਿੱਜੇ ਰਹਿਣ ਦੇ ਬਾਵਜੂਦ ਉਹ ਮਰਹੂਮ ਆਤਮਾ ਦੀ ਸ਼ਾਂਤੀ ਲਈ ਆਪਣੇ ਤਰੀਕੇ ਨਾਲ ਪ੍ਰਾਰਥਨਾ ਕਰਨਾ ਨਹੀਂ ਭੁੱਲਦੀ। ਮੰਨਿਆ ਜਾਂਦਾ ਹੈ ਕਿ ਦੱਖਣੀ ਭਾਰਤ ਵਿਚ ਉਹ ਪਹਿਲੀ ਮੁਸਲਿਮ ਮਹਿਲਾ ਹੈ, ਜਿਨ੍ਹਾਂ ਨੇ ਇਹ ਪੇਸ਼ਾ ਚੁਣਿਆ ਹੈ। ਹਾਲਾਂਕਿ 28 ਸਾਲ ਦੀ ਰਹਿਮਾਨ ਕਹਿੰਦੀ ਹੈ ਕਿ ਉਹ ਕਿਸੇ ਬੰਦਿਸ਼ ਨੂੰ ਤੋੜਨ ਲਈ ਇਸ ਪੇਸ਼ੇ ’ਚ ਨਹੀਂ ਆਈ, ਸਗੋਂ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਲਈ ਉਨ੍ਹਾਂ ਨੇ ਇਹ ਪੇਸ਼ਾ ਚੁਣਿਆ ਹੈ, ਤਾਂ ਕਿ ਉਹ ਆਪਣੇ ਪਤੀ ਦੀ ਮਦਦ ਕਰ ਸਕੇ ਅਤੇ ਬੀਮਾਰ ਪਿਤਾ ਦਾ ਇਲਾਜ ਕਰਵਾ ਸਕੇ। ਸੁਬੀਨਾ ਨੇ ਕਿਹਾ ਕਿ ਬੰਦ ਅੱਖਾਂ ਅਤੇ ਨੱਕ ’ਚ ਰੂੰ ਭਰੀਆਂ ਲਾਸ਼ਾਂ ਨੂੰ ਵੇਖਣਾ ਹੋਰਨਾ ਵਾਂਗ ਮੇਰੇ ਲਈ ਵੀ ਬੁਰੇ ਸੁਫ਼ਨੇ ਵਾਂਗ ਸੀ ਪਰ ਹੁਣ ਲਾਸ਼ਾਂ ਤੋਂ ਮੈਨੂੰ ਡਰ ਨਹੀਂ ਲੱਗਦਾ। ਸੁਬੀਨਾ ਮੁਤਾਬਕ ਉਸ ਨੇ ਕਦੇ ਕਲਪਨਾ ਵੀ ਨਹੀਂ ਸੀ ਕੀਤੀ ਕਿ ਉਹ ਸ਼ਮਸ਼ਾਨ ’ਚ ਲਾਸ਼ਾਂ ਦਾ ਦਾਹ ਸੰਸਕਾਰ ਕਰੇਗੀ।
ਇਹ ਵੀ ਪੜ੍ਹੋ : ਮੌਤ ਦੇ 16 ਸਾਲ ਬਾਅਦ ਹੋਵੇਗਾ ਸ਼ਹੀਦ ਫ਼ੌਜੀ ਦਾ ਅੰਤਿਮ ਸੰਸਕਾਰ, ਬਰਫ਼ ’ਚ ਦੱਬੀ ਮਿਲੀ ਮ੍ਰਿਤਕ ਦੇਹ
ਸੁਬੀਨਾ ਨੇ ਕਿਹਾ ਕਿ ਬਚਪਨ ’ਚ ਉਸ ਦਾ ਸੁਫ਼ਨਾ ਪੁਲਸ ਅਫ਼ਸਰ ਬਣਨ ਦਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਕਿਸਮਤ ਹੈ ਕਿ ਇਹ ਕੰਮ ਮੇਰੇ ਮੋਢਿਆਂ ’ਤੇ ਆਇਆ ਅਤੇ ਮੈਂ ਇਸ ਨੂੰ ਪੂਰੀ ਈਮਾਨਦਾਰੀ ਨਾਲ ਕਰਦੀ ਹਾਂ। ਮੈਨੂੰ ਪੇਸ਼ਾ ਚੁਣਨ ਨੂੰ ਲੈ ਕੇ ਕੋਈ ਅਫ਼ਸੋਸ ਨਹੀਂ ਹੈ, ਕਿਉਂਕਿ ਮੇਰਾ ਮੰਨਣਾ ਹੈ ਕਿ ਹਰ ਕੰਮ ਸਨਮਾਨਜਨਕ ਹੁੰਦਾ ਹੈ। ਮੈਨੂੰ ਇਹ ਕੰਮ ਕਰ ਕੇ ਮਾਣ ਮਹਿਸੂਸ ਹੁੰਦਾ ਹੈ। ਦੋ ਪੁਰਸ਼ ਸਹਿ-ਕਰਮੀਆਂ ਦੀ ਮਦਦ ਨਾਲ ਸੁਬੀਨਾ ਸਵੇਰੇ ਕੰਪਲੈਕਸ ਦੀ ਸਫ਼ਾਈ ਕਰਦੀ ਹੈ। ਇਕ ਦਿਨ ਪਹਿਲਾਂ ਹੋਏ ਦਾਹ ਸੰਸਕਾਰ ਦੇ ਅਵਸ਼ੇਸ਼ ਹਟਾਉਂਦੀ ਹੈ ਅਤੇ ਦੀਵਾ ਜਗਾ ਕੇ ਦਿਨ ਦੀ ਸ਼ੁਰੂਆਤ ਕਰਦੀ ਹੈ। ਉਨ੍ਹਾਂ ਦੱਸਿਆ ਕਿ ਪ੍ਰਤੀ ਲਾਸ਼ ਸਾਨੂੰ 500 ਰੁਪਏ ਮਿਲਦੇ ਹਨ ਅਤੇ ਇਹ ਰਾਸ਼ੀ ਤਿੰਨ ਲੋਕਾਂ ’ਚ ਬਰਾਬਰ ਵੰਡੀ ਜਾਂਦੀ ਹੈ। ਇਕ ਦਿਨ ਵਿਚ 6 ਜਾਂ 7 ਲਾਸ਼ਾਂ ਆਉਂਦੀਆਂ ਹਨ। ਸੁਬੀਨਾ ਕਹਿੰਦੀ ਹੈ ਕਿ ਮੌਤ ਨੂੰ ਅਸੀਂ ਰੋਕ ਨਹੀਂ ਸਕਦੇ, ਇਹ ਤਾਂ ਆਉਣੀ ਹੀ ਹੈ।
ਇਹ ਵੀ ਪੜ੍ਹੋ : ਹਰਿਆਣਾ ’ਚ ਖ਼ੌਫਨਾਕ ਵਾਰਦਾਤ: 3 ਬੱਚਿਆਂ ਸਣੇ ਮਾਂ-ਬਾਪ ਨੇ ਕੀਤੀ ਖ਼ੁਦਕੁਸ਼ੀ