ਉੱਤਰਾਖੰਡ : ਐੱਸ. ਡੀ. ਆਰ. ਐੱਫ. ਦੇ ਮੁਸਲਮਾਨ ਜਵਾਨ ਨੇ 5 ਕਾਂਵੜੀਆਂ ਨੂੰ ਗੰਗਾ ’ਚ ਡੁੱਬਣ ਤੋਂ ਬਚਾਇਆ

Thursday, Jul 25, 2024 - 06:40 PM (IST)

ਹਰਿਦੁਆਰ, (ਭਾਸ਼ਾ)- ਉੱਤਰਾਖੰਡ ਦੀ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ. ਡੀ. ਆਰ. ਐੱਫ.) ਦੇ ਇਕ ਮੁਸਲਮਾਨ ਜਵਾਨ ਨੇ 2 ਦਿਨਾਂ ’ਚ ਵੱਖ-ਵੱਖ ਘਟਨਾਵਾਂ ’ਚ ਗੰਗਾ ਨਦੀ ’ਚ ਡੁੱਬ ਰਹੇ 2 ਨਾਬਾਲਗਾਂ ਸਮੇਤ 5 ਕਾਂਵੜੀਆਂ ਦੀ ਜਾਨ ਬਚਾਈ।

ਹਰਿਦੁਆਰ ’ਚ ਲੱਗਭਗ ਹਰ ਕੋਈ ਹੈੱਡ ਕਾਂਸਟੇਬਲ ਆਸ਼ਿਕ ਅਲੀ ਦੇ ਇਸ ਦਲੇਰੀ ਭਰੇ ਕੰਮ ਦੀ ਪ੍ਰਸ਼ੰਸਾ ਕਰ ਰਿਹਾ ਹੈ। ਅਲੀ ਹਰਿ ਕੀ ਪੌੜੀ ਨੇੜੇ ਕਾਂਗੜਾ ਘਾਟ ’ਤੇ ਤਾਇਨਾਤ ਹੈ। ਫਰੀਦਾਬਾਦ ਦੇ ਪੀਰਬਾਬਾ ਇਲਾਕੇ ਦਾ ਰਹਿਣ ਵਾਲਾ ਮੋਨੂੰ ਸਿੰਘ (21) ਮੰਗਲਵਾਰ ਨੂੰ ਕਾਂਗੜਾ ਘਾਟ ’ਤੇ ਇਸ਼ਨਾਨ ਕਰਦੇ ਸਮੇਂ ਅਚਾਨਕ ਗੰਗਾ ਨਦੀ ਦੇ ਤੇਜ਼ ਵਹਾਅ ਨਾਲ ਰੁੜ੍ਹਨ ਲੱਗਾ। ਸਿੰਘ ਨੂੰ ਡੁੱਬਦਾ ਦੇਖ ਅਲੀ ਨੇ ਆਪਣੇ ਇਕ ਐੱਸ. ਡੀ. ਆਰ. ਐੱਫ. ਦੇ ਸਾਥੀ ਨਾਲ ਗੰਗਾ ਨਦੀ ’ਚ ਛਾਲ ਮਾਰ ਦਿੱਤੀ ਅਤੇ ਕਾਂਵੜੀਏ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਉਸੇ ਦਿਨ ਇਕ ਹੋਰ ਘਟਨਾ ਵਿਚ ਅਲੀ ਨੇ ਉੱਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲੇ ਦੇ ਰਹਿਣ ਵਾਲੇ 21 ਸਾਲਾ ਕਾਂਵੜੀਏ ਗੋਵਿੰਦ ਸਿੰਘ ਦੀ ਜਾਨ ਵੀ ਬਚਾਈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਅਲੀ ਨੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਰਹਿਣ ਵਾਲੇ ਸੰਦੀਪ ਸਿੰਘ (21), ਦਿੱਲੀ ਦੇ ਕਰਨ (17) ਅਤੇ ਹਰਿਆਣਾ ਦੇ ਪਾਣੀਪਤ ਦੇ ਅੰਕਿਤ (15) ਨੂੰ ਗੰਗਾ ’ਚ ਡੁੱਬਣ ਤੋਂ ਬਚਾਇਆ ਸੀ।

ਕਾਂਵੜੀਆਂ ਨੂੰ ਬਚਾਉਣ ਦੇ ਇਸ ਕੰਮ ’ਚ ਕਾਂਸਟੇਬਲ ਅਨਿਲ ਸਿੰਘ ਕੋਠਿਆਲ, ਪ੍ਰਦੀਪ ਰਾਵਤ, ਸ਼ਿਵਮ ਸਿੰਘ ਅਤੇ ਫਾਇਰ ਸਰਵਿਸ ਦੇ ਕਾਂਸਟੇਬਲ ਲਕਸ਼ਮਣ ਚੌਹਾਨ ਨੇ ਵੀ ਮਦਦ ਕੀਤੀ।


Rakesh

Content Editor

Related News