ਦਿੱਲੀ ''ਚ ਵੋਟਰਾਂ ਦੀਆਂ ਲੱਗੀਆਂ ਲਾਈਨਾਂ; ਰਾਸ਼ਟਰਪਤੀ ਮੁਰਮੂ, ਆਤਿਸ਼ੀ ਸਮੇਤ ਕਈ ਦਿੱਗਜ ਨੇਤਾਵਾਂ ਨੇ ਪਾਈ ਵੋਟ

05/25/2024 6:28:16 PM

ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੇ 6ਵੇਂ ਪੜਾਅ ਵਿਚ ਦਿੱਲੀ ਦੀਆਂ 7 ਸੰਸਦੀ ਸੀਟਾਂ 'ਤੇ ਸਖ਼ਤ ਸੁਰੱਖਿਆ ਦਰਮਿਆਨ ਸ਼ਨੀਵਾਰ ਨੂੰ ਵੋਟਾਂ ਪੈ ਰਹੀਆਂ ਹਨ। ਸਵੇਰ ਤੋਂ ਹੀ ਲੋਕ ਲਾਈਨਾਂ ਵਿਚ ਖੜ੍ਹੇ ਹੋ ਗਏ, ਤਾਂ ਕਿ ਉਹ ਦਿਨ ਵਿਚ ਵੱਧਣ ਵਾਲੀ ਗਰਮੀ ਤੋਂ ਬਚ ਸਕਣ। ਸਵੇਰੇ-ਸਵੇਰੇ ਵੋਟ ਪਾਉਣ ਵਾਲਿਆਂ ਵਿਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਕੇਂਦਰੀ ਮੰਤਰੀ ਐੱਸ. ਜੈਸ਼ੰਕਰ, ਹਰਦੀਪ ਸਿੰਘ ਪੁਰੀ, ਦਿੱਲੀ ਦੀ ਮੰਤਰੀ ਆਤਿਸ਼ੀ, ਗੌਤਮ ਗੰਭੀਰ ਅਤੇ ਵੱਖ-ਵੱਖ ਪਾਰਟੀ ਦੇ ਉਮੀਦਵਾਰ ਸ਼ਾਮਲ ਰਹੇ। ਉੱਥੇ ਹੀ ਕਾਂਗਰਸ ਸੰਸਦੀ ਦਲ ਦੀ ਮੁਖੀ ਅਤੇ ਕਾਂਗਰਸ ਦੇ ਸਾਬਕਾ ਨੇਤਾ ਰਾਹੁਲ ਗਾਂਧੀ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। 

PunjabKesari

ਦੱਸ ਦੇਈਏ ਕਿ ਅੱਜ ਇਸ ਪੜਾਅ ਵਿਚ 6 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 58 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। ਦਿੱਲੀ ਦੀਆਂ 7 ਅਤੇ ਹਰਿਆਣਾ ਦੀਆਂ 10 ਸੀਟਾਂ ਸਮੇਤ ਉੱਤਰ ਪ੍ਰਦੇਸ਼ ਦੀ 14, ਬਿਹਾਰ ਦੀਆਂ 8, ਪੱਛਮੀ ਬੰਗਾਲ ਦੀਆਂ 8, ਝਾਰਖੰਡ ਦੀਆਂ 4 ਅਤੇ ਓਡੀਸ਼ਾ ਦੀਆਂ 6 ਸੀਟਾਂ ਅਤੇ ਇਸ ਦੇ ਨਾਲ ਹੀ ਜੰਮੂ ਕਸ਼ਮੀਰ ਦੀ ਅਨੰਤਨਾਗ-ਰਾਜੌਰੀ ਸੀਟ ਲਈ ਵੀ ਇਸੇ ਪੜਾਅ 'ਚ ਵੋਟਿੰਗ ਹੋ ਰਹੀ ਹੈ। ਦੱਸ ਦੇਈਏ ਕਿ ਅੱਜ 6ਵੇਂ ਪੜਾਅ ਦੀ ਵੋਟਿੰਗ ਮਗਰੋਂ 7ਵੇਂ ਅਤੇ ਆਖ਼ਰੀ ਪੜਾਅ ਲਈ 1 ਜੂਨ ਨੂੰ ਵੋਟਿੰਗ ਹੋਵੇਗੀ ਅਤੇ 4 ਜੂਨ ਨੂੰ ਨਤੀਜੇ ਆਉਣਗੇ।

PunjabKesari

ਦੱਸਣਯੋਗ ਹੈ ਕਿ ਦਿੱਲੀ ਸਮੇਤ ਦੇਸ਼ ਦੇ ਕਈ ਸੂਬਿਆਂ ਵਿਚ ਬਹੁਤ ਗਰਮੀ ਪੈ ਰਹੀ ਹੈ। ਮੌਸਮ ਵਿਭਾਗ ਨੇ ਦਿਨ ਲਈ ਯੈਲੋ ਅਲਰਟ ਜਾਰੀ ਕੀਤਾ ਹੈ ਅਤੇ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਤੱਕ ਪਹੁੰਚਣ ਦਾ ਅਨੁਮਾਨ ਜਤਾਇਆ ਹੈ। ਦਿੱਲੀ ਚੋਣ ਬਾਡੀ ਨੇ ਕਿਹਾ ਕਿ ਉਸ ਨੇ ਭਿਆਨਕ ਗਰਮੀ ਨੂੰ ਵੇਖਦੇ ਹੋਏ ਵੋਟਰਾਂ ਲਈ ਉੱਚਿਤ ਵਿਵਸਥਾ ਕੀਤੀ ਹੈ। ਲੋਕਾਂ ਨੂੰ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ 7 ਚੋਣ ਖੇਤਰਾਂ ਵਿਚ 13,000 ਤੋਂ ਵੱਧ ਵੋਟਿੰਗ ਕੇਂਦਰਾਂ ਦੇ ਬਾਹਰ ਲਾਈਨਾਂ ਵਿਚ ਖੜ੍ਹੇ ਵੇਖਿਆ ਗਿਆ। ਦਿੱਲੀ ਵਿਚ ਸ਼ਾਂਤੀਪੂਰਨ ਵੋਟਿੰਗ ਜਾਰੀ ਹੈ ਅਤੇ ਕਿਸੇ ਵੀ ਅਣਹੋਣੀ ਘਟਨਾ ਦੀ ਕੋਈ ਖ਼ਬਰ ਹੈ। ਓਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਕੇਜਰੀਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ, ''ਮੈਂ ਸਾਰੇ ਵੋਟਰ ਭਰਾਵਾਂ ਅਤੇ ਭੈਣਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆ ਕੇ ਆਪਣੀ ਵੋਟ ਪਾਉਣ। ਆਪਣੇ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਵੀ ਵੋਟ ਪਾਉਣ ਲਈ ਕਹੋ।

PunjabKesari

ਅਧਿਕਾਰੀਆਂ ਨੇ ਦੱਸਿਆ ਕਿ 82 ਲੱਖ ਪੁਰਸ਼ਾਂ, 69 ਲੱਖ ਔਰਤਾਂ ਅਤੇ 1,228 ਟਰਾਂਸਜੈਂਡਰਾਂ ਸਮੇਤ ਕੁੱਲ 1.52 ਕਰੋੜ  ਵੋਟਰ 7 ਚੋਣ ਖੇਤਰਾਂ ਵਿਚ 13,000 ਤੋਂ ਵੱਧ ਵੋਟਿੰਗ ਕੇਂਦਰਾਂ 'ਤੇ ਵੋਟ ਪਾਉਣ ਲਈ ਪਾਤਰ ਹਨ। ਇਸ ਸ਼ਹਿਰ ਵਿਚ 2.52 ਲੱਖ ਤੋਂ ਵੱਧ ਵੋਟਰ ਅਜਿਹੇ ਹਨ, ਜੋ ਪਹਿਲੀ ਵਾਰ ਵੋਟ ਪਾਉਣਗੇ। ਦੱਸ ਦੇਈਏ ਕਿ ਭਾਜਪਾ ਨੂੰ 2014 ਅਤੇ 2019 ਦੀਆਂ ਆਮ ਚੋਣਾਂ ਵਿਚ ਦਿੱਲੀ ਦੀਆਂ ਸਾਰੀਆਂ 7 ਸੀਟਾਂ 'ਤੇ ਭਾਰੀ ਫ਼ਰਕ ਨਾਲ ਜਿੱਤ ਮਿਲੀ ਸੀ ਅਤੇ ਉਸ ਦਾ ਲਗਾਤਾਰ ਤੀਜੀ ਵਾਰ ਸਾਰੀਆਂ ਸੀਟਾਂ 'ਤੇ ਜਿੱਤ ਦਰਜ ਕਰਨ ਦਾ ਟੀਚਾ ਹੈ। ਵਿਰੋਧੀ ਗਠਜੋੜ 'ਇੰਡੀਆ' ਦੇ ਸਹਿਯੋਗੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਿੱਲੀ ਵਿਚ ਮਿਲ ਕੇ ਚੋਣਾਂ ਲੜ ਰਹੇ ਹਨ। ਸੀਟ ਵੰਡ ਤਹਿਤ ਆਮ ਆਦਮੀ ਪਾਰਟੀ 4 ਅਤੇ ਕਾਂਗਰਸ 3 ਸੀਟਾਂ 'ਤੇ ਚੋਣ ਲੜ ਰਹੀ ਹੈ। ਇਹ ਦਿੱਲੀ ਵਿਚ ਪਹਿਲੀਆਂ ਅਜਿਹੀਆਂ ਲੋਕ ਸਭਾ ਚੋਣਾਂ ਹਨ, ਜਿਸ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਭਾਜਪਾ ਖਿਲਾਫ਼ ਸਾਂਝੇ ਉਮੀਦਵਾਰ ਉਤਾਰੇ ਹਨ। 

PunjabKesari


Tanu

Content Editor

Related News