ਭਲਕੇ ਪਟੜੀ 'ਤੇ ਦੌੜੇਗੀ 'ਮੁੰਬਈ ਮੈਟਰੋ', ਸਫ਼ਰ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

10/18/2020 11:20:53 AM

ਮੁੰਬਈ— ਕੋਰੋਨਾ ਮਹਾਮਾਰੀ ਕਾਰਨ 7 ਮਹੀਨੇ ਬਾਅਦ ਸੋਮਵਾਰ ਯਾਨੀ ਕਿ 19 ਅਕਤੂਬਰ 2020 ਤੋਂ ਮੁੰਬਈ ਮੈਟਰੋ-1 ( Mumbai Metro-1) ਮੁੜ ਤੋਂ ਪਟੜੀ 'ਤੇ ਦੌੜੇਗੀ। ਸਵੇਰੇ 8.30 ਤੋਂ ਰਾਤ 8.30 ਵਜੇ ਤੱਕ ਮੈਟਰੋ ਸੇਵਾ ਯਾਤਰੀਆਂ ਲਈ ਉਪਲੱਬਧ ਹੋਵੇਗੀ। ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਹਰ ਸਾਢੇ 6 ਮਿੰਟ 'ਚ ਘਾਟਕੋਪਰ ਤੋਂ ਵਰਸੋਵਾ ਦਰਮਿਆਨ ਮੈਟਰੋ ਟਰੇਨ ਚੱਲੇਗੀ। ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਅਤੇ ਸਮਾਜਿਕ ਦੂਰੀ ਦਾ ਪਾਲਣ ਕਰਨ ਲਈ ਹੁਣ ਇਕ ਟਰੇਨ ਵਿਚ ਸਿਰਫ 300 ਯਾਤਰੀਆਂ ਨੂੰ ਹੀ ਸਫ਼ਰ ਕਰਨ ਦੀ ਆਗਿਆ ਹੋਵੇਗੀ। ਇਨ੍ਹਾਂ ਵਿਚ 100 ਦੇ ਕਰੀਬ ਯਾਤਰੀ ਬੈਠ ਕੇ ਅਤੇ ਕਰੀਬ 160 ਯਾਤਰੀਆਂ ਨੂੰ ਖੜ੍ਹੇ ਹੋ ਕੇ ਯਾਤਰਾ ਕਰਨ ਦੀ ਆਗਿਆ ਹੋਵੇਗੀ। ਦੱਸ ਦੇਈਏ ਕਿ ਕੋਰੋਨਾ ਕਾਰਨ ਮਾਰਚ ਦੇ ਆਖ਼ਰੀ ਹਫ਼ਤੇ ਤੋਂ ਮੈਟਰੋ ਸੇਵਾ ਬੰਦ ਹੈ।

PunjabKesari

ਰੋਜ਼ਾਨਾ 204 ਚੱਕਰ ਲਾਏਗੀ ਮੈਟਰੋ—
ਯਾਤਰੀਆਂ ਦੀ ਗਿਣਤੀ ਅਤੇ ਸਮਾਜਿਕ ਦੂਰੀ ਦਾ ਪਾਲਣ ਕਰਨ ਲਈ ਮੈਟਰੋ ਪ੍ਰਸ਼ਾਸਨ ਨੇ 19 ਅਕਤੂਬਰ ਨੂੰ 204 ਫੇਰੀਆਂ ਲਾਉਣ ਦਾ ਫ਼ੈਸਲਾ ਕੀਤਾ। ਮਾਰਚ ਤੋਂ ਪਹਿਲਾਂ ਘਾਟਕੋਪਰ ਤੋਂ ਵਰਸੋਵਾ ਦਰਮਿਆਨ ਮੈਟਰੋ ਰੋਜ਼ਾਨਾ ਕਰੀਬ 400 ਚੱਕਰ ਲਾਉਂਦੀ ਰਹੀ ਹੈ। ਪਿਛਲੇ 65 ਮਹੀਨਿਆਂ ਵਿਚ 600 ਮਿਲੀਅਨ ਲੋਕ ਮੈਟਰੋ ਰਾਹੀਂ ਸਫਰ ਕਰ ਚੁੱਕੇ ਹਨ।  

PunjabKesari

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ—
ਬੀਮਾਰ ਯਾਤਰੀਆਂ ਨੂੰ ਮੈਟਰੋ ਵਿਚ ਸਫਰ ਕਰਨ ਦਾ ਆਗਿਆ ਨਹੀਂ ਹੋਵੇਗੀ। 
ਸਫਰ ਦੌਰਾਨ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ।
ਟਰੇਨ ਵਿਚ ਇਕ ਸੀਟ ਛੱਡ ਕੇ ਲੋਕਾਂ ਦੀ ਬੈਠਣ ਦੀ ਵਿਵਸਥਾ ਕੀਤੀ ਗਈ ਹੈ ਅਤੇ ਇਸ ਨਿਯਮ ਦਾ ਪਾਲਣ ਕਰਨਾ ਹੋਵੇਗਾ।
ਸਟੈਂਡਿੰਗ ਯਾਤਰੀਆਂ ਲਈ ਕੋਚ ਦੇ ਅੰਦਰ ਮਾਰਕਿੰਗ ਕੀਤੀ ਗਈ ਹੈ, ਜਿਸ ਮੁਤਾਬਕ ਯਾਤਰੀ ਖੜ੍ਹੇ ਹੋ ਸਕਣਗੇ।
ਮੈਟਰੋ ਕੰਪਲੈਕਸ 'ਚ ਐਂਟਰੀ ਤੋਂ ਪਹਿਲਾਂ ਸਾਰੇ ਯਾਤਰੀਆਂ ਦੇ ਸਰੀਰ ਦੇ ਤਾਪਮਾਨ ਦੀ ਜਾਂਚ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਵੇਖਦਿਆਂ ਮੈਟਰੋ ਦੇ ਇਕ ਚੱਕਰ ਤੋਂ ਬਾਅਦ ਪੂਰੀ ਟਰੇਨ ਅਤੇ ਹਰ ਦੋ ਘੰਟੇ ਵਿਚ ਸਟੇਸ਼ਨ ਕੰਪਲੈਕਸ ਨੂੰ ਸੈਨੇਟਾਈਜ਼ ਕਰਨ ਦਾ ਫ਼ੈਸਲਾ ਲਿਆ ਹੈ। ਕਿਊ ਆਰ ਕੋਡ ਦੇ ਰਾਹੀਂ ਯਾਤਰੀਆਂ ਨੂੰ ਸਟੇਸ਼ਨ 'ਚ ਐਂਟਰੀ ਮਿਲੇਗੀ। ਕੋਰੋਨਾ ਨਾ ਫੈਲੇ ਇਸ ਲਈ ਜ਼ਰੂਰੀ ਹੈ ਕਿ ਮਾਸਕ ਪਹਿਨੋ ਅਤੇ ਸਮਾਜਿਕ ਦੂਰੀ ਬਣਾ ਕੇ ਰੱਖੋ।


Tanu

Content Editor

Related News