ਹਸਪਤਾਲ ’ਚ ਸਾਹਮਣੇ ਆਇਆ ਕਾਲੇ ਜਾਦੂ ਦਾ ਮਾਮਲਾ, ਫਰਸ਼ ਥੱਲਿਓਂ ਮਿਲੀਆਂ ਮਨੁੱਖੀ ਹੱਡੀਆਂ

Friday, Mar 14, 2025 - 12:00 PM (IST)

ਹਸਪਤਾਲ ’ਚ ਸਾਹਮਣੇ ਆਇਆ ਕਾਲੇ ਜਾਦੂ ਦਾ ਮਾਮਲਾ, ਫਰਸ਼ ਥੱਲਿਓਂ ਮਿਲੀਆਂ ਮਨੁੱਖੀ ਹੱਡੀਆਂ

ਜਲੰਧਰ/ਮੁੰਬਈ- ਮੁੰਬਈ ਦੇ ਲੀਲਾਵਤੀ ਹਸਪਤਾਲ ਵਿਚ ਅੰਧਵਿਸ਼ਵਾਸ ਨਾਲ ਜੁੜਿਆ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਦੇ ਟਰੱਸਟੀਆਂ ਨੇ ਦਾਅਵਾ ਕੀਤਾ ਹੈ ਕਿ ਹਸਪਤਾਲ ਕੈਂਪਸ ਵਿਚ ਕਾਲੇ ਜਾਦੂ ਦੀਆਂ ਰਸਮਾਂ ਦੇ ਸਬੂਤ ਮਿਲੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਟਰੱਸਟੀਆਂ ਦੇ ਦਫ਼ਤਰ ਦੇ ਫਰਸ਼ ਥੱਲਿਓਂ 8 ਕਲਸ਼ ਮਿਲੇ ਹਨ, ਜਿਨ੍ਹਾਂ ’ਚ ਮਨੁੱਖੀ ਹੱਡੀਆਂ, ਖੋਪੜੀ, ਵਾਲ, ਚੌਲ ਤੇ ਤਾਂਤਰਿਕ ਨਾਲ ਸਬੰਧਤ ਹੋਰ ਚੀਜ਼ਾਂ ਮਿਲੀਆਂ ਹਨ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਟਰੱਸਟੀ ਪਿਛਲੇ ਕੁਝ ਦਿਨਾਂ ਤੋਂ ਫੰਡਾਂ ਦੀ ਕਥਿਤ ਦੁਰਵਰਤੋਂ ਨੂੰ ਲੈ ਕੇ ਚਰਚਾ ’ਚ ਹਨ। ਪੁਲਸ ਨੇ ਮਾਮਲੇ ’ਚ ਕਾਲਾ ਜਾਦੂ ਵਿਰੋਧੀ ਐਕਟ ਦੇ ਤਹਿਤ ਇਕ ਹੋਰ ਸ਼ਿਕਾਇਤ ਦਰਜ ਕੀਤੀ ਹੈ।

ਇਹ ਵੀ ਪੜ੍ਹੋ : ਹੋਲੀ 'ਤੇ ਨੌਜਵਾਨ ਨੇ ਰੰਗ ਲਗਵਾਉਣ ਤੋਂ ਕੀਤਾ ਇਨਕਾਰ ਤਾਂ ਕਰ'ਤਾ ਕਤਲ

ਇਸ ਤਰ੍ਹਾਂ ਹੋਇਆ ਮਾਮਲੇ ਦਾ ਖੁਲਾਸਾ

ਇਕ ਰਿਪੋਰਟ ਅਨੁਸਾਰ ਇਨ੍ਹਾਂ ਚੀਜ਼ਾਂ ਦੀ ਖੋਜ ਇਕ ਸਾਬਕਾ ਕਰਮਚਾਰੀ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਕੀਤੀ ਗਈ ਤੇ ਖੋਦਾਈ ਦੌਰਾਨ ਵੀਡੀਓ ਵੀ ਬਣਾਈ ਗਈ ਹੈ। ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਹਸਪਤਾਲ ਟਰੱਸਟ ਨੇ ਆਪਣੇ ਸਾਬਕਾ ਟਰੱਸਟੀਆਂ ਖਿਲਾਫ 1,250 ਕਰੋੜ ਰੁਪਏ ਤੋਂ ਵੱਧ ਦੇ ਘਪਲੇ ਦਾ ਕੇਸ ਦਾਇਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ’ਚ ਕਥਿਤ ਤੌਰ ’ਤੇ ਜਾਅਲੀ ਹੁਕਮਾਂ ਤੇ ਰਿਕਾਰਡਾਂ ਰਾਹੀਂ ਪੈਸੇ ਦੀ ਹੇਰਾਫੇਰੀ ਕੀਤੀ ਗਈ ਸੀ। ਹਾਲਾਂਕਿ ਸਾਬਕਾ ਟਰੱਸਟੀ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਰੱਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਵਿਧਵਾ ਮਾਂ ਵਲੋਂ ਦਿੱਤੀ ਬਾਈਕ ਨਹੀਂ ਆਈ ਪਸੰਦ, ਇਕਲੌਤੇ ਪੁੱਤ ਨੇ ਚੁੱਕਿਆ ਖੌਫ਼ਨਾਕ ਕਦਮ

ਸਾਬਕਾ ਟਰੱਸਟੀਆਂ ਖਿਲਾਫ ਦਰਜ ਹਨ 3 ਐੱਫ.ਆਈ.ਆਰਜ਼

ਲੀਲਾਵਤੀ ਹਸਪਤਾਲ ਦੇ ਸੰਸਥਾਪਕ ਕਿਸ਼ੋਰ ਮਹਿਤਾ ਦੇ ਭਰਾ ਵਿਜੇ ਮਹਿਤਾ, ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਭਾਈਵਾਲਾਂ ’ਤੇ ਕਥਿਤ ਵਿੱਤੀ ਬੇਨਿਯਮੀਆਂ ਲਈ 3 ਐੱਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਸਾਬਕਾ ਟਰੱਸਟੀਆਂ ਖਿਲਾਫ ਟੈਕਸ ਚੋਰੀ ਦੀਆਂ ਸ਼ਿਕਾਇਤਾਂ ਵੀ ਦਰਜ ਕੀਤੀਆਂ ਗਈਆਂ ਸਨ। ਮੌਜੂਦਾ ਟਰੱਸਟੀਆਂ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਸ਼ਿਕਾਇਤ ਕੀਤੀ ਤਾਂ ਜੋ ਘਪਲੇ ਦੀ ਜਾਂਚ ਕੀਤੀ ਜਾ ਸਕੇ। ਸਾਬਕਾ ਟਰੱਸਟੀ ਕਥਿਤ ਤੌਰ ’ਤੇ ਯੂ.ਏ.ਈ. ਤੇ ਬੈਲਜੀਅਮ ਚਲੇ ਗਏ ਹਨ। ਇਸ ਦੇ ਨਾਲ ਹੀ ਮਹਾਰਾਸ਼ਟਰ ਐਂਟੀ-ਕਾਲਾ ਜਾਦੂ ਐਕਟ ਤਹਿਤ ਇਕ ਹੋਰ ਸ਼ਿਕਾਇਤ ਉਦੋਂ ਦਰਜ ਕੀਤੀ ਗਈ, ਜਦੋਂ ਹਸਪਤਾਲ ਦੇ ਕਰਮਚਾਰੀਆਂ ਨੇ ਪ੍ਰਸ਼ਾਂਤ ਮਹਿਤਾ ਤੇ ਉਸ ਦੀ ਮਾਂ ਚਾਰੂ ਮਹਿਤਾ ਨੂੰ ਨੁਕਸਾਨ ਪਹੁੰਚਾਉਣ ਲਈ ਸਾਬਕਾ ਟਰੱਸਟੀਆਂ ਵੱਲੋਂ ਕਥਿਤ ਤੌਰ ’ਤੇ ਕਾਲਾ ਜਾਦੂ ਕੀਤੇ ਜਾਣ ਦੀ ਰਿਪੋਰਟ ਦਿੱਤੀ। ਹਾਲਾਂਕਿ ਵਿਜੇ ਮਹਿਤਾ ਦੇ ਬੇਟੇ ਚੇਤਨ ਮਹਿਤਾ ਨੇ ਕਾਲੇ ਜਾਦੂ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਲੇ ਜਾਦੂ ਦੇ ਦੋਸ਼ ਜਵਾਬ ਦੇਣ ਦੇ ਯੋਗ ਵੀ ਨਹੀਂ ਹਨ। ਅਧਿਕਾਰੀਆਂ ਅਨੁਸਾਰ 2002 ’ਚ ਕਿਸ਼ੋਰ ਮਹਿਤਾ ਇਲਾਜ ਲਈ ਵਿਦੇਸ਼ ਗਏ ਸਨ। ਇਸ ਦੌਰਾਨ ਉਨ੍ਹਾਂ ਦੇ ਭਰਾ ਵਿਜੇ ਮਹਿਤਾ ਨੇ ਟਰੱਸਟ ਦਾ ਅਸਥਾਈ ਚਾਰਜ ਸੰਭਾਲਿਆ ਸੀ। ਵਿਜੇ ਮਹਿਤਾ ਨੇ ਕਥਿਤ ਤੌਰ ’ਤੇ ਆਪਣੇ ਬੇਟਿਆਂ ਤੇ ਭਤੀਜਿਆਂ ਨੂੰ ਟਰੱਸਟੀ ਨਿਯੁਕਤ ਕਰਨ ਲਈ ਜਾਅਲੀ ਦਸਤਾਵੇਜ਼ਾਂ ਤੇ ਦਸਤਖਤ ਕੀਤੇ, ਜਦਕਿ ਕਿਸ਼ੋਰ ਮਹਿਤਾ ਨੂੰ ਸਥਾਈ ਟਰੱਸਟੀ ਦੇ ਅਹੁਦੇ ਤੋਂ ਹਟਾ ਦਿੱਤਾ। ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਸਾਲ 2016 ’ਚ ਕਿਸ਼ੋਰ ਮਹਿਤਾ ਨੂੰ ਆਪਣਾ ਅਹੁਦਾ ਵਾਪਸ ਮਿਲ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News