ਸਕੂਲ ਦੀ ਲਿਫਟ ’ਚ ਫਸਣ ਨਾਲ 26 ਸਾਲਾ ਅਧਿਆਪਕਾ ਦੀ ਦਰਦਨਾਕ ਮੌਤ
Sunday, Sep 18, 2022 - 12:27 PM (IST)
ਮੁੰਬਈ- ਦੇਸ਼ ਦੀ ਆਰਥਿਕ ਰਾਜਧਾਨੀ ਆਖੇ ਜਾਣ ਵਾਲੀ ਮੁੰਬਈ ਦੇ ਮਲਾਡ ’ਚ ਇਕ ਅਧਿਆਪਕਾ ਦੀ ਲਿਫਟ ’ਚ ਫਸਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਦਰਦਨਾਕ ਹਾਦਸਾ ਸ਼ੁੱਕਰਵਾਰ ਦੁਪਹਿਰ ਨੂੰ ਮੁੰਬਈ ਦੇ ਉਪ ਨਗਰ ਮਲਾਡ ਦੇ ਚਿਨਚੋਲੀ ਦੇ ਸੈਂਟ ਮੈਰੀ ਇੰਗਲਿਸ਼ ਸਕੂਲ ’ਚ ਵਾਪਰਿਆ। ਮ੍ਰਿਤਕ ਅਧਿਆਪਕਾ ਦਾ ਨਾਂ ਜੇਨੇਲ ਫਰਨਾਂਡੀਸ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੀ ਉਮਰ 26 ਸਾਲ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- ਕੇਦਾਰਨਾਥ ਦੇ ਗਰਭ ਗ੍ਰਹਿ ਦੀਆਂ ਕੰਧਾਂ ’ਤੇ ਚੜ੍ਹਾਇਆ ਜਾ ਰਿਹੈ ਸੋਨਾ, ਪੁਜਾਰੀਆਂ ਨੇ ਕੀਤਾ ਵਿਰੋਧ
ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਅਧਿਆਪਕਾ ਸਕੂਲ ਦੀ ਦੂਜੀ ਮੰਜ਼ਿਲ ’ਤੇ ਸਥਿਤ ਸਟਾਫ਼ ਰੂਮ ’ਚ ਜਾਣ ਲਈ 6ਵੀਂ ਮੰਜ਼ਿਲ ’ਤੇ ਲਿਫਟ ਦੀ ਉਡੀਕ ਕਰ ਰਹੀ ਸੀ। ਲਿਫਟ ਆਈ ਅਤੇ ਉਸਦਾ ਦਰਵਾਜ਼ਾ ਖੁੱਲ੍ਹਿਆ, ਜਿਵੇਂ ਹੀ ਅਧਿਆਪਕਾ ਨੇ ਅੰਦਰ ਕਦਮ ਰੱਖਿਆ ਤਾਂ ਲਿਫਟ ਚੱਲਣ ਲੱਗੀ। ਇਸ ਤੋਂ ਪਹਿਲਾਂ ਕਿ ਅਧਿਆਪਕਾ ਆਪਣੇ ਆਪ ਨੂੰ ਬਾਹਰ ਕੱਢ ਲੈਂਦੀ, ਉਹ ਇਸ ਵਿਚ ਫਸ ਗਈ। ਲਿਫਟ ਉੱਪਰ ਵੱਲ ਵਧੀ ਤਾਂ ਅਧਿਆਪਕ ਵੀ ਉਸ ਦੇ ਨਾਲ ਉੱਪਰ ਵੱਲ ਨੂੰ ਜਾਣ ਲੱਗ ਪਈ। ਇਸ ਦੌਰਾਨ ਅਧਿਆਪਕਾ ਦਾ ਅੱਧਾ ਸਰੀਰ ਲਿਫਟ ਦੇ ਅੰਦਰ ਸੀ ਅਤੇ ਬਾਕੀ ਅੱਧਾ ਬਾਹਰ। ਇਸ ਹਾਦਸੇ ’ਚ ਅਧਿਆਪਕਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਕੁਨੋ ਨੈਸ਼ਨਲ ਪਾਰਕ ’ਚ 8 ਚੀਤਿਆਂ ਦੀ ਵਾਪਸੀ, PM ਮੋਦੀ ਬੋਲੇ- ਖੁੱਲ੍ਹਣਗੇ ਵਿਕਾਸ ਅਤੇ ਤਰੱਕੀ ਦੇ ਰਾਹ
ਇਸ ਹਾਦਸੇ ਮਗਰੋਂ ਜਿਵੇਂ ਹੀ ਸਕੂਲ ਦੇ ਹੋਰ ਕਰਮਚਾਰੀਆਂ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਹ ਅਧਿਆਪਕਾ ਨੂੰ ਕਿਸੇ ਤਰ੍ਹਾ ਲਿਫਟ ’ਚੋਂ ਬਾਹਰ ਕੱਢ ਕੇ ਹਸਪਤਾਲ ਲੈ ਗਏ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਸਕੂਲ ਪ੍ਰਸ਼ਾਸਨ ਨੇ ਮਲਾਡ ਪੁਲਸ ਨੂੰ ਹਾਦਸੇ ਦੀ ਜਾਣਕਾਰੀ ਦਿੱਤੀ। ਪੁਲਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਦੋਂ ਲਿਫਟ ਦਾ ਦਰਵਾਜ਼ਾ ਖੁੱਲ੍ਹਿਆ ਤਾਂ ਅਧਿਆਪਕਾ ਨੇ ਅੰਦਰ ਕਦਮ ਰੱਖਿਆ ਪਰ ਲਿਫਟ ਕੈਬਿਨ ਦਾ ਦਰਵਾਜ਼ਾ ਬੰਦ ਹੋਣ ਤੋਂ ਪਹਿਲਾਂ ਉੱਪਰ ਵੱਲ ਵੱਧਦੀ ਰਹੀ। ਉਹ ਉਸ ’ਚ ਫਸ ਗਈ ਅਤੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਹਸਪਤਾਲ ਲਿਜਾਉਣ ਮਗਰੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।