ਮੁੰਬਈ: ਰੇਸਤਰਾਂ ''ਚ ਨਿਯਮਾਂ ਦੀ ਉਲੰਘਣਾ ਕਰ ਅਸ਼ਲੀਲ ਹਰਕਤਾਂ ਕਰਦੇ 97 ਲੋਕ ਗ੍ਰਿਫਤਾਰ
Sunday, Aug 16, 2020 - 08:58 PM (IST)
ਮੁੰਬਈ : ਮੁੰਬਈ ਪੁਲਸ ਨੇ ਐਤਵਾਰ ਸਵੇਰੇ ਇੱਥੇ ਸਥਿਤ ਇੱਕ ਰੇਸਤਰਾਂ ਤੋਂ 28 ਔਰਤਾਂ ਸਮੇਤ 97 ਲੋਕਾਂ ਨੂੰ ਕਥਿਤ ਤੌਰ 'ਤੇ ਕੋਵਿਡ-19 ਰੋਕਥਾਮ ਨਿਯਮਾਂ ਦੀ ਉਲੰਘਣਾ ਕਰ ਅਸ਼ਲੀਲ ਹਰਕਤਾਂ ਕਰਦੇ ਹੋਏ ਫੜਿਆ। ਅਧਿਕਾਰੀਆਂ ਨੇ ਦੱਸਿਆ ਕਿ ਬਾਅਦ 'ਚ 28 ਔਰਤਾਂ ਨੂੰ ਛੱਡ ਦਿੱਤਾ ਗਿਆ, ਜਦੋਂ ਕਿ ਰੇਸਤਰਾਂ ਦੇ ਪ੍ਰਬੰਧਕ ਅਤੇ 3 ਕਰਮਚਾਰੀਆਂ ਸਮੇਤ ਹੋਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਅਧਿਕਾਰੀ ਨੇ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਜੋਗੇਸ਼ਵਰੀ 'ਚ ਲਿੰਕ ਰੋਡ 'ਤੇ ਸਥਿਤ ਬੰਬੇ ਬਰੂਟ ਰੇਸਤਰਾਂ 'ਤੇ ਛਾਪਾ ਮਾਰਿਆ ਅਤੇ ਉੱਥੇ ਲੋਕਾਂ ਨੂੰ ਸ਼ਰਾਬ ਪੀਂਦੇ, ਨੱਚਦੇ ਅਤੇ ਹੁੱਕੇ ਦਾ ਸੇਵਨ ਕਰਦੇ ਹੋਏ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਫੜੇ ਗਏ ਸਾਰੇ ਵਿਅਕਤੀ ਸ਼ਹਿਰ ਦੇ ਕੁਲੀਨ ਪਰਿਵਾਰਾਂ ਦੇ ਸਨ। ਉਨ੍ਹਾਂ ਕਿਹਾ ਕਿ ਰੇਸਤਰਾਂ ਦੇ ਪ੍ਰਬੰਧਕ ਨੇ ਇਨ੍ਹਾਂ ਲੋਕਾਂ ਨਾਲ ਸੰਪਰਕ ਕਰ ਕਿਹਾ ਕਿ ਪਾਬੰਦੀਆਂ 'ਚ ਢਿੱਲ ਦਿੱਤੇ ਜਾਣ ਤੋਂ ਬਾਅਦ ਰੇਸਤਰਾਂ ਮੁੜ ਖੁੱਲ੍ਹ ਗਿਆ ਹੈ ਅਤੇ ਹੁਣ ਉਹ ਆ ਸਕਦੇ ਹਨ। ਓਸ਼ਿਵਾਰਾ ਪੁਲਸ ਥਾਣੇ ਦੇ ਸੀਨੀਅਰ ਇੰਸਪੈਕਟਰ ਦਯਾਨੰਦ ਬਾਂਗਰ ਨੇ ਕਿਹਾ ਕਿ ਦੋਸ਼ੀਆਂ 'ਤੇ ਭਾਰਤੀ ਦੰਡਾਵਲੀ ਅਤੇ ਮਹਾਮਾਰੀ ਕਾਨੂੰਨ ਦੇ ਨਿਯਮਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।