''ਛੇਤੀ ਸੁਲਝਾਇਆ ਜਾਵੇ ਰਾਮ ਮੰਦਰ ਦਾ ਮੁੱਦਾ, ਦੋਸਤਾਨਾ ਹੱਲ ਚਾਹੁੰਦੇ ਨੇ ਮੁਸਲਮਾਨ''

11/11/2018 4:48:03 PM

ਨਵੀਂ ਦਿੱਲੀ (ਭਾਸ਼ਾ)— ਕੇਂਦਰੀ ਮੰਤਰੀ ਮੁੱਖਤਾਰ ਅੱਬਾਸ ਨਕਵੀ ਨੇ ਐਤਵਾਰ ਨੂੰ ਕਿਹਾ ਕਿ ਰਾਮ ਮੰਦਰ ਮੁੱਦੇ ਦਾ ਛੇਤੀ ਤੋਂ ਛੇਤੀ ਹੱਲ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਮ ਮੁਸਲਮਾਨ 'ਚ ਸਮਾਜਿਕ ਏਕਤਾ ਨੂੰ ਨੁਕਸਾਨ ਪਹੁੰਚਾਉਣ ਵਾਲੀ 'ਟਕਰਾਅ ਦੀ ਭਾਵਨਾ' ਨਹੀਂ ਹੁੰਦੀ। ਫਿਲਹਾਲ ਅਯੁੱੱਧਿਆ ਵਿਚ ਵਿਵਾਦਪੂਰਨ ਵਾਲੀ ਥਾਂ 'ਤੇ ਰਾਮ ਮੰਦਰ ਦੇ ਨਿਰਮਾਣ ਲਈ ਕਾਨੂੰਨ ਬਣਾਉਣ ਦੀ ਕਈ ਭਾਜਪਾ ਨੇਤਾਵਾਂ ਦੀ ਮੰਗ ਦਰਮਿਆਨ ਨਕਵੀ ਨੇ 'ਉਡੀਕ ਕਰੋ ਅਤੇ ਦੇਖੋ' ਦੀ ਨੀਤੀ ਅਪਣਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਇਸ ਮੁੱਦੇ 'ਤੇ ਹੁਣ ਤਕ ਕੁਝ ਨਹੀਂ ਕਿਹਾ ਹੈ। 

ਨਕਵੀ ਨੇ ਇਕ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ, ''ਸਰਕਾਰ ਦਾ ਜੋ ਰੁਖ਼ ਹੋਵੇਗਾ, ਉਹ ਹੀ ਮੇਰਾ ਹੋਵੇਗਾ। ਸਰਕਾਰ ਨੇ ਇਸ ਮੁੱਦੇ 'ਤੇ ਹੁਣ ਤਕ ਕੁਝ ਨਹੀਂ ਕਿਹਾ ਹੈ। ਇਹ ਮੁੱਦਾ ਛੇਤੀ ਤੋਂ ਛੇਤੀ ਸੁਲਝਾਉਣਾ ਚਾਹੀਦਾ ਹੈ।'' ਇਹ ਪੁੱਛੇ ਜਾਣ 'ਤੇ ਇਸ ਵਿਵਾਦਿਤ ਮੁੱਦੇ ਨੂੰ ਮੁਸਲਿਮ ਭਾਈਚਾਰਾ ਕਿਸ ਤਰ੍ਹਾਂ ਦੇਖਦਾ ਹੈ, ਇਸ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਕ ਆਮ ਮੁਸਲਮਾਨ ਅਮਨ-ਚੈਨ ਅਤੇ ਦੋਸਤਾਨਾ ਹੱਲ ਚਾਹੁੰਦਾ ਹੈ। ਮੁਸਲਿਮ ਭਾਈਚਾਰਾ ਬਹੁਤ ਹੀ ਸ਼ਾਂਤੀ ਪ੍ਰਿਅ ਭਾਈਚਾਰਾ ਹੈ। 

ਉਨ੍ਹਾਂ ਅੱਗੇ ਕਿਹਾ ਕਿ ਕੁਝ ਲੋਕ, ਕੁਝ ਸਿਆਸੀ ਪਾਰਟੀਆਂ ਆਪਣੇ ਹਿੱਤ ਲਈ ਲੋਕਾਂ ਨੂੰ ਉਕਸਾਉਣ ਦੀ ਕੋਸ਼ਿਸ਼ ਕਰ ਸਕਦੀਆਂ ਹਨ। ਲਿਹਾਜ਼ਾ, ਲੋਕਾਂ ਨੂੰ ਲੱਗਦਾ ਹੈ ਕਿ ਇਸ ਦਾ ਸ਼ਾਂਤੀਪੂਰਨ ਹੱਲ ਹੋਣਾ ਚਾਹੀਦਾ ਹੈ ਅਤੇ ਇਹ ਮੁੱਦਾ ਖਤਮ ਹੋਣਾ ਚਾਹੀਦਾ ਹੈ। ਨਕਵੀ ਨੇ ਕਿਹਾ, ''ਲੋਕਾਂ ਦੀਆਂ ਆਪਣੀਆਂ ਭਾਵਨਾਵਾਂ ਹਨ ਅਤੇ ਇਕ ਲੋਕਤੰਤਰ ਵਿਚ ਉਨ੍ਹਾਂ ਦੀ ਆਜ਼ਾਦੀ ਦੇ ਪ੍ਰਗਟਾਵੇ 'ਤੇ ਪਾਬੰਦੀ ਨਹੀਂ ਲਾਈ ਜਾ ਸਕਦੀ। ਉਨ੍ਹਾਂ ਕਿਹਾ ਕਿ ਇਹ ਸਿਰਫ ਸੰਜੋਗ ਹੈ ਕਿ ਚੋਣਾਂ ਤੋਂ ਪਹਿਲਾਂ ਇਹ ਹੋਇਆ। ਨਹੀਂ ਤਾਂ, ਇਹ ਤਾਂ ਪੁਰਾਣਾ ਮੁੱਦਾ ਹੈ। ਪਿਛਲੀਆਂ ਚੋਣਾਂ ਵਿਚ ਵੀ ਰਾਮ ਮੰਦਰ ਦਾ ਮੱਦਾ ਭਾਜਪਾ ਦੇ ਮੈਨੀਫੈਸਟੋ ਵਿਚ ਸ਼ਾਮਲ ਸੀ।


Related News