ਕਾਲੇਧਨ ਕਾਨੂੰਨ ਤਹਿਤ ਮੁਕੇਸ਼ ਅੰਬਾਨੀ ਅਤੇ ਉਸਦੇ ਪਰਿਵਾਰ ਨੂੰ ਮਿਲਿਆ IT ਨੋਟਿਸ : ਰਿਪੋਰਟ

09/14/2019 2:23:19 PM

ਮੁੰਬਈ — ਇਨਕਮ ਟੈਕਸ ਵਿਭਾਗ ਦੀ ਮੁੰਬਈ ਸ਼ਾਖਾ ਨੇ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਪਰਿਵਾਰਕ ਮੈਂਬਰਾਂ ਨੂੰ 2015 ਬਲੈਕ ਮਨੀ ਐਕਟ ਦੀ ਵਿਵਸਥਾ ਦੇ ਤਹਿਤ ਨੋਟਿਸ ਭੇਜਿਆ ਹੈ। ਵਿਭਾਗ ਨੇ ਇਹ ਕਾਰਵਾਈ ਵੱਖ-ਵੱਖ ਦੇਸ਼ਾਂ ਦੀਆਂ ਏਜੰਸੀਆਂ ਤੋਂ ਮਿਲੀਆਂ ਸੂਚਨਾਵਾਂ ਦੇ ਆਧਾਰ 'ਤੇ ਹੋਈ ਜਾਂਚ ਦੇ ਬਾਅਦ ਕੀਤੀ ਹੈ। ਵਿਭਾਗ ਵਲੋਂ ਇਹ ਨੋਟਿਸ ਬਹੁਤ ਹੀ ਗੁਪਤ ਤਰੀਕੇ ਨਾਲ 28 ਮਾਰਚ 2019 ਨੂੰ ਭੇਜੇ ਗਏ। ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ - ਅਨੰਤ, ਆਕਾਸ਼ ਅਤੇ ਈਸ਼ਾ ਅੰਬਾਨੀ ਨੂੰ ਇਹ ਨੋਟਿਸ ਭੇਜੇ ਗਏ।
ਆਈ.ਟੀ. ਵਿਭਾਗ ਦੇ ਨੋਟਿਸ ਮੁਤਾਬਕ ਮੁਕੇਸ਼ ਅੰਬਾਨੀ ਦੇ ਪਰਿਵਾਰ 'ਤੇ ਕਥਿਤ ਤੌਰ 'ਤੇ ਵਿਦੇਸ਼ਾਂ 'ਚ ਅਣਐਲਾਨੀ ਜਾਇਦਾਦ ਅਤੇ ਆਮਦਨ ਰੱਖਣ ਦਾ ਦੋਸ਼ ਹੈ। ਜ਼ਿਕਰਯੋਗ ਹੈ ਕਿ ਆਈ.ਟੀ. ਵਿਭਾਗ ਦੀ ਜਾਂਚ ਉਸ ਸਮੇਂ ਸ਼ੁਰੂ ਹੋਈ, ਜਦੋਂ ਸਰਕਾਰ ਨੂੰ 2011 'ਚ ਜਿਨੇਵਾ ਦੇ ਐਚ.ਐਸ.ਬੀ.ਸੀ. ਬੈਂਕ 'ਚ ਖਾਤਾ ਰੱਖਣ ਵਾਲੇ ਕਰੀਬ 700 ਭਾਰਤੀ ਨਾਗਰਿਕਾਂ ਅਤੇ ਕੰਪਨੀਆਂ ਦੀ ਜਾਣਕਾਰੀ ਮਿਲੀ ਸੀ।

ਇਸ ਦੇ ਬਾਅਦ ਫਰਵਰੀ 2015 'ਚ ਇਕ ਵੱਡੀ ਜਾਂਚ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਜਾਂਚ ਨੂੰ ਸਵਿੱਸ ਲੀਕਸ ਦਾ ਨਾਂ ਦਿੱਤਾ ਗਿਆ। ਜਾਂਚ 'ਚ ਐਚ.ਐਸ.ਬੀ.ਸੀ. (HSBC) ਬੈਂਕ 'ਚ ਖਾਤਾਧਾਰਕਾਂ ਦੀ ਸੰਖਿਆ ਵਧ ਕੇ 1195 ਹੋਣ ਦੀ ਗੱਲ ਸਾਹਮਣੇ ਆਈ ਸੀ। ਇਨ੍ਹਾਂ ਵਿਚੋਂ 14 ਬੈਂਕ ਖਾਤਿਆਂ 'ਚ 601 ਮਿਲੀਅਨ ਡਾਲਰ ਦੀ ਰਕਮ ਜਮ੍ਹਾਂÎ ਸੀ।

ਮੀਡੀਆ ਰਿਪੋਰਟਾਂ ਅਨੁਸਾਰ ਰਿਲਾਂਇੰਸ ਦੇ ਬੁਲਾਰੇ ਨੇ ਸਾਰੇ ਦੋਸ਼ਾਂ ਨੂੰ ਰੱਦ ਕੀਤਾ ਹੈ। ਇਥੋਂ ਤੱਕ ਕਿ ਉਨ੍ਹਾਂ ਨੇ ਆਈ.ਟੀ. ਵਿਭਾਗ ਵਲੋਂ ਕਿਸੇ ਵੀ ਤਰ੍ਹਾਂ ਦੇ ਨੋਟਿਸ ਮਿਲਣ ਤੋਂ ਵੀ ਇਨਕਾਰ ਕੀਤਾ ਹੈ।


Related News