ਦੋਸਤ ਨੂੰ ਉੱਚੇ ਅਹੁਦੇ 'ਤੇ ਲਗਵਾਉਣ ਲਈ ਗ੍ਰਹਿ ਮੰਤਰੀ ਬਣ ਕੇ ਰਾਜਪਾਲ ਨੂੰ ਕੀਤਾ ਫੋਨ, ਗ੍ਰਿਫਤਾਰ

01/11/2020 11:52:05 AM

ਭੋਪਾਲ—ਮੱਧ ਪ੍ਰਦੇਸ਼ 'ਚ ਇਕ ਸਖਸ਼ ਵੱਲੋਂ ਆਪਣੇ ਦੋਸਤ ਨੂੰ ਯੂਨੀਵਰਸਿਟੀ ਦਾ ਵਾਈਸ ਚਾਂਸਲਰ (ਵੀ.ਸੀ) ਨਿਯੁਕਤ ਕਰਵਾਉਣ ਲਈ ਅਜਿਹਾ ਕੰਮ ਕੀਤਾ, ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹੋ ਗਏ ਹਨ। ਦਰਅਸਲ ਇਕ ਸ਼ਖਸ ਨੇ ਮੱਧ ਪ੍ਰਦੇਸ਼ ਮੈਡੀਕਲ ਯੂਨੀਵਰਸਿਟੀ 'ਚ ਵਾਈਸ ਚਾਂਸਲਰ ਦੇ ਅਹੁਦੇ 'ਤੇ ਆਪਣੇ ਦੋਸਤ ਨੂੰ ਨਿਯੁਕਤ ਕਰਨ ਲਈ ਕਿਸੇ ਆਮ ਆਦਮੀ ਜਾਂ ਸਰਕਾਰੀ ਅਧਿਕਾਰੀ ਨੂੰ ਨਹੀਂ ਬਲਕਿ ਸਿੱਧਾ ਰਾਜਪਾਲ ਨੂੰ ਆਦੇਸ਼ ਦੇ ਦਿੱਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਬਣ ਕੇ ਰਾਜਪਾਲ ਨੂੰ ਫੋਨ ਲਗਾ ਤੇ ਨਿਯੁਕਤੀ ਦਾ ਆਦੇਸ਼ ਦੇਣ ਵਾਲੇ ਸ਼ਖਸ ਅਤੇ ਉਸ ਦੇ ਸਾਥੀ ਦੋਸਤ ਨੂੰ ਮੱਧ ਪ੍ਰਦੇਸ਼ ਐੱਸ.ਟੀ.ਐੱਫ ਨੇ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਦੋਸ਼ੀ ਕੁਲਦੀਫ ਵਾਘੇਲਾ ਏਅਰਫੋਰਸ 'ਚ ਵਿੰਗ ਕਮਾਂਡਰ ਦੇ ਅਹੁਦੇ 'ਤੇ ਤਾਇਨਾਤ ਦੱਸਿਆ ਜਾ ਰਿਹਾ ਹੈ। ਉਸ ਦੀ ਤਾਇਨਾਤੀ ਦਿੱਲੀ 'ਚ ਹੈ। ਉਸ ਦੇ ਨਾਲ ਗ੍ਰਿਫਤਾਰ ਸਾਥੀ ਦਾ ਨਾਂ ਡਾਕਟਰ ਚੰਦਰਸ਼ ਸ਼ੁਕਲਾ ਹੈ।

ਇਹ ਹੈ ਪੂਰਾ ਮਾਮਲਾ—
ਮੱਧ ਪ੍ਰਦੇਸ਼ ਐੱਸ.ਟੀ.ਐੱਫ ਦੇ ਏ.ਡੀ.ਜੀ ਅਸ਼ੋਕ ਅਵਸਥੀ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਜਬਲਪੁਰ ਸਥਿਤ ਮੱਧ ਪ੍ਰਦੇਸ਼ ਮੈਡੀਕਲ ਯੂਨੀਵਰਸਿਟੀ 'ਚ ਵਾਈਸ ਚਾਂਸਲਰ ਦੀ ਨਿਯੁਕਤੀ ਹੋਣੀ ਸੀ। ਇਸ ਅਹੁਦੇ ਲਈ ਭੋਪਾਲ ਦੇ ਸਾਕੇਤ ਨਗਰ ਇਲਾਕੇ 'ਚ ਰਹਿਣ ਵਾਲੇ ਡਾਕਟਰ ਚੰਦਰਸ਼ ਕੁਮਾਰ ਸ਼ੁਕਲਾ ਨੇ ਵੀ ਆਪਣਾ ਬਾਇਓਡਾਟਾ ਦਿੱਤਾ ਸੀ। ਇਸ ਦੌਰਾਨ ਇਕ ਦਿਨ ਡਾਕਟਰ ਸ਼ੁਕਲਾ ਨੇ ਦਿੱਲੀ 'ਚ ਤਾਇਨਾਤ ਆਪਣੇ ਦੋਸਤ ਏਅਰਫੋਰਸ ਦੇ ਵਿੰਗ ਕਮਾਂਡਰ ਕੁਲਦੀਪ ਵਾਘੇਲਾ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਉਹ ਕਿਸੇ ਵੱਡੇ ਆਦਮੀ ਨਾਲ ਰਾਜਪਾਲ ਨੂੰ ਫੋਨ ਕਰਵਾ ਸਕਦਾ ਹੈ। ਇਸ 'ਤੇ ਕੁਲਦੀਪ ਨੇ ਕਿਹਾ ਕਿ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਫੋਨ ਲਾ ਕੇ ਰਾਜਪਾਲ ਨਾਲ ਗੱਲ ਕਰਵਾ ਦੇਵੇਗਾ।  

ਕੁਲਦੀਪ ਜਦੋਂ ਇਸ 'ਚ ਸਫਲ ਨਾ ਹੋ ਸਕਿਆ ਤਾਂ ਉਸ ਨੇ ਖੁਦ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਬਣ ਕੇ ਰਾਜਪਾਲ ਲਾਲਜੀ ਟੰਡਨ ਨੂੰ ਫੋਨ ਲਗਾ ਦਿੱਤਾ ਅਤੇ ਰਾਜਪਾਲ ਨੂੰ ਆਦੇਸ਼ ਦਿੰਦੇ ਹੋਏ ਡਾਕਟਰ ਚੰਦਰਸ਼ ਕੁਮਾਰ ਸ਼ੁਕਲਾ ਨੂੰ ਮੈਡੀਕਲ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਬਣਾਉਣ ਲਈ ਕਿਹਾ। ਜਦੋਂ ਰਾਜਪਾਲ ਨੂੰ ਆਵਾਜ਼ ਅਤੇ ਗੱਲ ਕਰਨ ਦੇ ਲਹਿਜੇ 'ਤੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਸਟਾਫ ਨੂੰ ਦਿੱਤੀ। ਇਸ ਤੋਂ ਬਾਅਦ ਰਾਜਪਾਲ ਦੇ ਸਟਾਫ ਨੇ ਗ੍ਰਹਿ ਮੰਤਰੀ ਦੇ ਦਿੱਲੀ ਸਥਿਤ ਦਫਤਰ ਅਤੇ ਰਿਹਾਇਸ਼ ਤੋਂ ਅਜਿਹੇ ਫੋਨ ਕਾਲ ਦੀ ਜਾਣਕਾਰੀ ਲਈ ਤਾਂ ਪਤਾ ਲੱਗਿਆ ਕਿ ਗ੍ਰਹਿ ਮੰਤਰੀ ਨੇ ਅਜਿਹੀ ਕੋਈ ਫੋਨ ਕਾਲ ਨਹੀਂ ਕੀਤੀ ਹੈ।

ਇਸ ਤੋਂ ਬਾਅਦ ਇਕ ਲਿਖਤੀ ਸ਼ਿਕਾਇਤ ਮੱਧ ਪ੍ਰਦੇਸ਼ ਐੱਸ.ਟੀ.ਐੱਫ ਨੂੰ ਦਿੱਤੀ ਗਈ। ਐੱਸ.ਟੀ.ਐੱਫ ਨੇ ਇਸ ਮਾਮਲੇ 'ਚ ਧਾਰਾ 419 ਅਤੇ 420 ਤਹਿਤ ਮੁਕੱਦਮਾ ਦਰਜ ਕਰ ਜਾਂਚ ਸ਼ੁਰੂ ਕੀਤੀ ਹੈ। ਜਾਂਚ 'ਚ ਏਅਰਫੋਰਸ ਦੇ ਵਿੰਗ ਕਮਾਂਡਰ ਕੁਲਦੀਪ ਵਾਘੇਲਾ ਅਤੇ ਡਾਕਟਰ ਚੰਦਰਸ਼ ਕੁਮਾਰ ਸ਼ੁਕਲਾ ਸ਼ਮੂਲੀਅਤ ਮਿਲੀ, ਜਿਸ ਤੋਂ ਬਾਅਦ ਵਿੰਗ ਕਮਾਂਡਰ ਕੁਲਦੀਪ ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ। ਉੱਥੇ ਹੀ ਡਾਕਟਰ ਚੰਦਰਸ਼ ਸ਼ੁਕਲਾ ਨੂੰ ਵੀ ਐੱਸ.ਟੀ.ਐੱਫ ਨੇ ਗ੍ਰਿਫਤਾਰ ਕਰ ਲਿਆ ਹੈ। ਐੱਸ.ਟੀ.ਐੱਫ ਦੇ ਏ.ਡੀ.ਜੀ ਮੁਤਾਬਕ ਵਿੰਗ ਕਮਾਂਡਰ ਕੁਲਦੀਪ ਵਾਘੇਲਾ ਪਹਿਲਾਂ ਮੱਧ ਪ੍ਰਦੇਸ਼ ਦੇ ਰਾਜਪਾਲ ਦੇ ਨਿਵਾਸ 'ਤੇ ਤਾਇਨਾਤ ਰਹਿ ਚੁੱਕਾ ਹੈ, ਇਸ ਲਈ ਉਸ ਨੂੰ ਜਾਣਕਾਰੀ ਸੀ ਕਿ ਫੋਨ 'ਤੇ ਰਾਜਪਾਲ ਨਾਲ ਗੱਲ ਕਿਵੇ ਹੋ ਸਕੇਗੀ ਅਤੇ ਇਸ ਦਾ ਉਸ ਨੇ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕਿਆ।


Iqbalkaur

Content Editor

Related News