MP ਮੰਦਰ ਹਾਦਸਾ: 36 ਲੋਕਾਂ ਦੀ ਮੌਤ ਮਗਰੋਂ ਮੰਦਰ ਦਾ ਗੈਰ-ਕਾਨੂੰਨੀ ਨਿਰਮਾਣ ਢਾਹਿਆ, ਬਾਊਲੀ ਕੀਤੀ ਬੰਦ

Monday, Apr 03, 2023 - 02:52 PM (IST)

MP ਮੰਦਰ ਹਾਦਸਾ: 36 ਲੋਕਾਂ ਦੀ ਮੌਤ ਮਗਰੋਂ ਮੰਦਰ ਦਾ ਗੈਰ-ਕਾਨੂੰਨੀ ਨਿਰਮਾਣ ਢਾਹਿਆ, ਬਾਊਲੀ ਕੀਤੀ ਬੰਦ

ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ 'ਚ ਬਾਊਲੀ 'ਤੇ ਬਣੇ ਇਕ ਮੰਦਰ ਦਾ ਫਰਸ਼ ਧੱਸਣ ਕਾਰਨ 36 ਸ਼ਰਧਾਲੂਆਂ ਦੀ ਮੌਤ ਦੇ 4 ਦਿਨ ਬਾਅਦ ਸਥਾਨਕ ਪ੍ਰਸ਼ਾਸਨ ਨੇ ਸੋਮਵਾਰ ਨੂੰ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਹੋਰ ਦੇਵਸਥਾਨ ਵਿਚ ਪਹੁੰਚਾ ਦਿੱਤੀਆਂ ਹਨ। ਇਸ ਦੇ ਨਾਲ ਹੀ ਇਸ ਮੰਦਰ ਦਾ ਗੈਰ-ਕਾਨੂੰਨੀ ਨਿਰਮਾਣ ਢਾਹ ਦਿੱਤਾ। ਇਸ ਭਿਆਨਕ ਹਾਦਸੇ ਦੀ ਗਵਾਹ ਬਣੀ ਬਾਊਲੀ ਨੂੰ ਮਲਬਾ ਪਾ ਕੇ ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ ਹੈ। ਇੰਦੌਰ ਨਗਰ ਨਿਗਮ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਚਸ਼ਮਦੀਦਾਂ ਨੇ ਦੱਸਿਆ ਕਿ ਜਨਤਕ ਬਗੀਚੇ ਦੇ ਬਾਊਲੀ 'ਤੇ ਬਣੇ ਬਾਲੇਸ਼ਵਰ ਮਹਾਦੇਵ ਝੂਲੇਲਾਲ ਮੰਦਰ ਕੰਪਲੈਕਸ ਵਿਚ ਭਾਰੀ ਪੁਲਸ ਫੋਰਸ ਦੀ ਮੌਜੂਦਗੀ ਵਿਚ ਕਬਜ਼ਾ ਹਟਾਇਆ ਗਿਆ ਅਤੇ ਮੰਦਰ ਤੱਕ ਪਹੁੰਚਣ ਦੇ ਰਸਤਿਆਂ 'ਤੇ ਬੈਰੀਕੇਡ ਲਾ ਦਿੱਤੇ ਗਏ। 

PunjabKesari

ਓਧਰ ਇੰਦੌਰ ਨਗਰ ਨਿਗਮ ਕਮਿਸ਼ਨਰ ਸਿਧਾਰਥ ਜੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਲੇਸ਼ਵਰ ਮਹਾਦੇਵ ਝੂਲੇਲਾਲ ਮੰਦਰ ਕੰਪਲੈਕਸ ਦੇ ਨੇੜੇ ਇਕ ਨਵਾਂ ਮੰਦਰ ਬਣਾਇਆ ਜਾ ਰਿਹਾ ਸੀ ਅਤੇ ਇਸ ਦੇ ਅਧੂਰੇ ਨਿਰਮਾਣ ਨੂੰ ਵੀ ਢਾਹ ਦਿੱਤਾ ਗਿਆ ਹੈ ਕਿਉਂਕਿ ਉੱਥੇ ਵੀ ਜ਼ਮੀਨ ਧੱਸਣ ਨਾਲ ਹਾਦਸੇ ਦਾ ਖ਼ਤਰਾ ਸੀ। ਮੌਕੇ 'ਤੇ ਮੌਜੂਦ ਇਕ ਪੁਜਾਰੀ ਨੇ ਦੱਸਿਆ ਕਿ ਇਸ ਕਾਰਵਾਈ ਤੋਂ ਪਹਿਲਾਂ ਮੰਦਰ ਦੇ ਸ਼ਿਵਲਿੰਗ ਅਤੇ ਦੇਵੀ-ਦੇਵਤਿਆਂ ਦੀਆਂ ਹੋਰ ਮੂਰਤੀਆਂ ਨੂੰ ਪੂਰੇ ਵਿਧੀ-ਵਿਧਾਨ ਨਾਲ ਪੂਜਾ ਮਗਰੋਂ ਹੋਰ ਸਥਾਨ 'ਤੇ ਬਣੇ ਮੰਦਰ ਵਿਚ ਲਿਜਾ ਕੇ ਸਥਾਪਤ ਕੀਤਾ ਗਿਆ ਹੈ। 

PunjabKesari

ਬੇਲੇਸ਼ਵਰ ਮਹਾਦੇਵ ਝੂਲੇਲਾਲ ਮੰਦਰ ਟਰੱਸਟ ਦੇ ਪ੍ਰਧਾਨ ਸੇਵਾਰਾਮ ਗਲਾਨੀ ਅਤੇ ਸਕੱਤਰ ਮੁਰਲੀ ​​ਕੁਮਾਰ ਸਬਨਾਨੀ ਦੇ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 304 ਦੇ ਤਹਿਤ FIR ਦਰਜ ਕੀਤੀ ਗਈ ਹੈ। ਟਰੱਸਟ ਦੇ ਦੋਵੇਂ ਅਹੁਦੇਦਾਰਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਪੌੜੀ ਵਾਲੇ ਖੂਹ 'ਤੇ ਛੱਤ ਪਾ ਕੇ ਬਹੁਤ ਹੀ ਅਸੁਰੱਖਿਅਤ ਉਸਾਰੀ ਕੀਤੀ ਸੀ, ਜਿਸ ਕਾਰਨ 36 ਲੋਕਾਂ ਦੀ ਜਾਨ ਚਲੀ ਗਈ ਸੀ।
 


author

Tanu

Content Editor

Related News