ਪੈਟਰੋਲ ਛਿੜਕ ਕੇ ਲਾਈ ਅੱਗ, 19 ਸਾਲ ਦੀ ਕੁੜੀ ਨੇ ਇਲਾਜ ਦੌਰਾਨ ਤੋੜਿਆ ਦਮ
Friday, Oct 18, 2024 - 02:50 PM (IST)
ਇੰਦੌਰ- ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ 'ਚ ਛੇੜਛਾੜ ਦੇ ਦੋਸ਼ੀ ਦੇ ਪੁੱਤਰ ਵਲੋਂ ਛੇ ਦਿਨ ਪਹਿਲਾਂ ਪੈਟਰੋਲ ਪਾ ਕੇ ਸਾੜੀ ਗਈ 19 ਸਾਲਾ ਕੁੜੀ ਦੀ ਇੰਦੌਰ ਦੇ ਸਰਕਾਰੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਹੈ। ਇਕ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਖੰਡਵਾ ਦੇ ਪੁਲਸ ਸੁਪਰਡੈਂਟ ਮਨੋਜ ਕੁਮਾਰ ਰਾਏ ਨੇ ਦੱਸਿਆ ਕਿ 27 ਫੀਸਦੀ ਝੁਲਸ ਗਈ ਕੁੜੀ ਨੇ ਵੀਰਵਾਰ ਦੇਰ ਰਾਤ ਇੰਦੌਰ ਦੇ ਸਰਕਾਰੀ ਮਹਾਰਾਜਾ ਯਸ਼ਵੰਤਰਾਓ ਹਸਪਤਾਲ 'ਚ ਆਖਰੀ ਸਾਹ ਲਿਆ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਅਰਜੁਨ ਬਲਾਈ (22) ਨੇ 12 ਅਕਤੂਬਰ ਨੂੰ ਕਥਿਤ ਤੌਰ 'ਤੇ ਕੁੜੀ 'ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਸੀ।
ਕੁੜੀ ਨੇ ਦੋਸ਼ ਲਾਇਆ ਸੀ ਕਿ ਅਰਜੁਨ ਉਸ 'ਤੇ ਆਪਣੇ ਪਿਤਾ ਮੰਗੀਲਾਲ ਬਲਾਈ ਖ਼ਿਲਾਫ਼ ਦਰਜ ਛੇੜਛਾੜ ਦਾ ਕੇਸ ਵਾਪਸ ਲੈਣ ਲਈ ਦਬਾਅ ਪਾ ਰਿਹਾ ਸੀ। ਰਾਏ ਨੇ ਦੱਸਿਆ ਕਿ ਅਰਜੁਨ ਨੂੰ ਕੁੜੀ ਦੇ ਕਤਲ ਦੀ ਕੋਸ਼ਿਸ਼ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਅਤੇ ਫਿਲਹਾਲ ਉਹ ਨਿਆਂਇਕ ਹਿਰਾਸਤ ਅਧੀਨ ਜੇਲ੍ਹ 'ਚ ਹੈ। ਉਨ੍ਹਾਂ ਕਿਹਾ ਕਿ ਕੁੜੀ ਦੀ ਮੌਤ ਦੇ ਮੱਦੇਨਜ਼ਰ ਅਰਜੁਨ ਖ਼ਿਲਾਫ਼ ਦਰਜ FIR ਵਿਚ ਕਤਲ ਦਾ ਦੋਸ਼ ਜੋੜਿਆ ਜਾਵੇਗਾ।
ਪੁਲਸ ਮੁਤਾਬਕ ਅਰਜੁਨ ਦੇ ਪਿਤਾ ਮੰਗੀਲਾਲ ਨੇ 7 ਅਕਤੂਬਰ ਨੂੰ ਕੁੜੀ ਨਾਲ ਕਥਿਤ ਤੌਰ 'ਤੇ ਛੇੜਛਾੜ ਕੀਤੀ ਸੀ। ਪੁਲਸ ਨੇ ਦੱਸਿਆ ਕਿ ਮੰਗੀਲਾਲ ਨੂੰ ਛੇੜਛਾੜ ਦੇ ਦੋਸ਼ 'ਚ ਗ੍ਰਿਫਤਾਰੀ ਤੋਂ ਇਕ ਦਿਨ ਬਾਅਦ 8 ਅਕਤੂਬਰ ਨੂੰ ਅਦਾਲਤ ਨੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਸੀ।