ਹੈਰਾਨੀਜਨਕ ਮਾਮਲਾ : 10 ਸਾਲ ਦੇ ਬੱਚੇ ਦੇ ਮੂੰਹ ’ਚ ਨਿਕਲੇ 50 ਦੰਦ
Tuesday, Mar 01, 2022 - 02:33 PM (IST)
ਇੰਦੌਰ– ਮੱਧ ਪ੍ਰਦੇਸ਼ ਦੇ ਇੰਦੌਰ ’ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਬੱਚੇ ਦੇ ਮੂੰਹ ’ਚੋਂ 50 ਦੰਦ ਨਿਕਲੇ। ਦਰਅਸਲ ਬੱਚਾ ਦੁਰਲੱਭ ਅਤੇ ਗੁੰਝਲਦਾਰ ਬੀਮਾਰੀ ਤੋਂ ਪੀੜਤ ਸੀ। ਬੱਚੇ ਨੇ ਦੰਦਾਂ ’ਚ ਦਰਦ ਦੀ ਸ਼ਿਕਾਇਤ ਕੀਤੀ ਸੀ, ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹ ਦੁਰਲੱਭ ਬੀਮਾਰੀ ਤੋਂ ਪੀੜਤ ਹੈ। ਮੈਡੀਕਲ ਦੀ ਦੁਨੀਆ ’ਚ ਇਸ ਬੀਮਾਰੀ ਨੂੰ ‘ਓਡੋਨਟੋਮਾ’ ਆਖਦੇ ਹਨ। 10 ਸਾਲ ਦੇ ਬੱਚੇ ਦੇ ਮੂੰਹ ’ਚ ਕਾਫੀ ਸੋਜ ਸੀ ਅਤੇ ਉਸ ਨੂੰ ਲੰਬੇ ਸਮੇਂ ਤੋਂ ਦੰਦਾਂ ’ਚ ਦਰਦ ਦੀ ਸ਼ਿਕਾਇਤ ਸੀ। ਅਜਿਹੇ ’ਚ ਬੱਚੇ ਦਾ ਤੁਰੰਤ ਆਪਰੇਸ਼ਨ ਕਰਨਾ ਜ਼ਰੂਰੀ ਹੋ ਗਿਆ।
ਪ੍ਰਾਈਵੇਟ ਮਾਡਰਨ ਡੈਂਟਲ ਕਾਲਜ ਐਂਡ ਰਿਸਰਚ ਸੈਂਟਰ ਦੇ ਡਾ. ਸਚਿਨ ਠਾਕੁਰ ਨੇ ਦੱਸਿਆ ਕਿ ਮੁੰਡੇ ਨੇ ਦੰਦਾਂ ਵਿਚ ਸੋਜ ਅਤੇ ਦਰਦ ਦੀ ਸ਼ਿਕਾਇਤ ਕੀਤੀ ਸੀ ਅਤੇ ਜਾਂਚ ਤੋਂ ਪਤਾ ਲੱਗਿਆ ਹੈ ਕਿ ਓਡੋਨਟੋਮਾ ਕਾਰਨ ਉਸਦੇ ਮੂੰਹ ’ਚ 50 ਦੰਦ ਸਨ। ਡਾਕਟਰ ਮੁਤਾਬਕ ਇਕ ਲੱਖ ਦੀ ਆਬਾਦੀ ’ਚ ਸਿਰਫ਼ ਇਕ ਜਾਂ ਦੋ ਅਜਿਹੇ ਕੇਸ ਪਾਏ ਜਾਂਦੇ ਹਨ। ਜੇਕਰ ਸਮੇਂ ਸਿਰ ਹੱਲ ਨਾ ਕੀਤਾ ਗਿਆ ਤਾਂ ਸਮੱਸਿਆ ਗੁੰਝਲਦਾਰ ਬਣ ਸਕਦੀ ਹੈ। ਡਾਕਟਰਾਂ ਦੀ ਤਿੰਨ ਮੈਂਬਰੀ ਟੀਮ ਨੇ ਢਾਈ ਘੰਟੇ ਵਿਚ ਕੀਤੀ ਸਰਜਰੀ ’ਚ ਮੁੰਡੇ ਦੇ 30 ਦੰਦ ਕੱਢੇ। ਮੁੰਡੇ ਦੀ 18 ਸਾਲ ਦੀ ਉਮਰ ਤਕ 30 ਦੰਦ ਮੁੜ ਵਾਪਸ ਆ ਜਾਣਗੇ। ਜਾਣਕਾਰੀ ਮੁਤਾਬਕ ਇਹ ਆਪਰੇਸ਼ਨ ਕਾਫੀ ਮੁਸ਼ਕਲ ਸੀ ਅਤੇ ਇਸ ਨੂੰ ਕਰਨ ’ਚ ਪੂਰੇ ਢਾਈ ਘੰਟੇ ਦਾ ਸਮਾਂ ਲੱਗਾ। ਹੁਣ ਬੱਚੇ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ। ਉਸ ਦੀ ਸਿਹਤ ’ਚ ਸੁਧਾਰ ਹੋ ਰਿਹਾ ਹੈ।