ਬੱਚਿਆਂ ਲਈ ਖਤਰਨਾਕ ਹੋ ਸਕਦੈ ਮੂੰਹ ਨਾਲ ਸਾਹ ਲੈਣਾ

Friday, Nov 29, 2019 - 12:43 AM (IST)

ਬੱਚਿਆਂ ਲਈ ਖਤਰਨਾਕ ਹੋ ਸਕਦੈ ਮੂੰਹ ਨਾਲ ਸਾਹ ਲੈਣਾ

ਨਵੀਂ ਦਿੱਲੀ(ਇੰਟ.)-ਜੇਕਰ ਬੱਚਿਆਂ ’ਚ ਮੂੰਹ ਨਾਲ ਸਾਹ ਲੈਣ ਦੀ ਆਦਤ ਪੈ ਜਾਵੇ ਤਾਂ ਇਹ ਉਨ੍ਹਾਂ ਲਈ ਨੁਕਸਾਨਦਾਇਕ ਹੋ ਸਕਦਾ ਹੈ। ਅਜਿਹਾ ਹੋਣ ’ਤੇ ਬੱਚੇ ਨੂੰ ਮੂੰਹ ਦੇ ਸੁੱਕੇਪਨ (ਡਰਾਈ ਮਾਊਥ) ਦੀ ਸਮੱਸਿਆ ਹੋ ਸਕਦੀ ਹੈ। ਦਰਅਸਲ ਜਦੋਂ ਬੱਚੇ ਮੂੰਹ ਨਾਲ ਸਾਹ ਲੈਂਦੇ ਹਨ ਤਾਂ ਹਵਾ ਉਨ੍ਹਾਂ ਦੇ ਪੂਰੇ ਮੂੰਹ ’ਚੋਂ ਲੰਘਦੀ ਹੈ ਅਤੇ ਆਪਣੇ ਨਾਲ ਨਮੀ ਨੂੰ ਵੀ ਲੈ ਜਾਂਦੀ ਹੈ, ਜਦੋਂ ਕਿ ਮੂੰਹ ਨੂੰ ਬੈਕਟੀਰੀਆ ਤੋਂ ਬਚਾਉਣ ਲਈ ਤੁਹਾਡੇ ਮੂੰਹ ’ਚ ਸਲਾਈਵਾ (ਥੁੱਕ) ਦੀ ਭਰਪੂਰ ਮਾਤਰਾ ਬੇਹੱਦ ਜ਼ਰੂਰੀ ਹੈ।

ਮੂੰਹ ਨਾਲ ਜੁਡ਼ੀਆਂ ਕਈ ਸਮੱਸਿਆਵਾਂ ਦਾ ਡਰ

ਸਲਾਈਵਾ ਦੀ ਕਮੀ ਕਾਰਣ ਮੂੰਹ ਦੀਆਂ ਕਈ ਸਮੱਸਿਆਵਾਂ ਜਿਵੇਂ-ਕੈਵਿਟੀਜ਼, ਦੰਦਾਂ ਦੀ ਇਨਫੈਕਸ਼ਨ, ਸਾਹ ਦੀ ਬਦਬੂ ਆਦਿ ਹੋ ਸਕਦੀਆਂ ਹਨ। ਬੱਚੇ ਦੇ ਚਿਹਰੇ ਅਤੇ ਦੰਦਾਂ ਦੀ ਸ਼ੇਪ ਵੀ ਵਿਗੜ ਸਕਦੀ ਹੈ। ਜਦੋਂ ਬੱਚਾ ਲੰਬੇ ਸਮੇਂ ਤੱਕ ਮੂੰਹ ਨਾਲ ਸਾਹ ਲੈਂਦਾ ਹੈ ਤਾਂ ਉਸ ਦੇ ਮੁਹਾਂਦਰੇ ’ਚ ਚਿਹਰਾ ਪਤਲਾ ਅਤੇ ਲੰਮਾ ਹੋਣਾ, ਦੰਦ ਟੇਢੇ-ਮੇਢੇ ਹੋਣਾ, ਮੁਸਕੁਰਾਉਂਦਿਆਂ ਜਾਂ ਹੱਸਣ ਵੇਲੇ ਮਸੂੜੇ ਵਿਖਾਈ ਦੇਣਾ ਆਦਿ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਨਹੀਂ ਆਉਂਦੀ ਚੰਗੀ ਨੀਂਦ

ਆਮ ਤੌਰ ’ਤੇ ਜਿਹੜੇ ਲੋਕ ਮੂੰਹ ਨਾਲ ਸਾਹ ਲੈਂਦੇ ਹਨ, ਉਨ੍ਹਾਂ ਨੂੰ ਚੰਗੀ ਨੀਂਦ ਨਹੀਂ ਆਉਂਦੀ ਹੈ, ਜਿਸ ਕਾਰਣ ਉਨ੍ਹਾਂ ਦਾ ਸਰੀਰ ਸੌਣ ਤੋਂ ਬਾਅਦ ਵੀ ਥੱਕਿਆ ਹੋਇਆ ਰਹਿੰਦਾ ਹੈ। ਘੱਟ ਨੀਂਦ ਲੈਣ ਨਾਲ ਦਿਮਾਗ ਕਮਜ਼ੋਰ ਹੁੰਦਾ ਹੈ ਅਤੇ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਅਤੇ ਖਤਰਨਾਕ ਬੀਮਾਰੀਆਂ ਹੋ ਸਕਦੀਆਂ ਹਨ।

ਹਾਈ ਬੀ. ਪੀ. ਅਤੇ ਦਿਲ ਦੀਆਂ ਬੀਮਾਰੀਆਂ

ਮਾਹਿਰਾਂ ਮੁਤਾਬਕ ਮੂੰਹ ਨਾਲ ਸਾਹ ਲੈਣ ਦੌਰਾਨ ਸਹੀ ਮਾਤਰਾ ’ਚ ਆਕਸੀਜਨ ਸਰੀਰ ’ਚ ਨਹੀਂ ਪਹੁੰਚਦੀ ਹੈ, ਜਿਸ ਕਾਰਣ ਧਮਨੀਆਂ ’ਚ ਆਕਸੀਜਨ ਦੀ ਕਮੀ ਹੋ ਸਕਦੀ ਹੈ। ਆਕਸੀਜਨ ਦੀ ਕਮੀ ਉਸ ਨੂੰ ਹਾਈ ਬਲੱਡ ਪ੍ਰੈਸ਼ਰ (ਬੀ. ਪੀ.) ਅਤੇ ਦਿਲ ਦੀਆਂ ਬੀਮਾਰੀਆਂ ਦਾ ਸ਼ਿਕਾਰ ਬਣਾ ਸਕਦੀ ਹੈ। ਇਸ ਤੋਂ ਇਲਾਵਾ ਬੱਚੇ ਨੂੰ ਉਨੀਂਦਰੇ ਦੀ ਸਮੱਸਿਆ ਵੀ ਹੋ ਸਕਦੀ ਹੈ।

ਹੋ ਸਕਦੀ ਹੈ ਆਕਸੀਜਨ ਦੀ ਕਮੀ

ਮੂੰਹ ਨਾਲ ਸਾਹ ਲੈਣ ’ਤੇ ਸਾਹ ਦੀ ਨਲੀ ਸੁੱਕ ਜਾਂਦੀ ਹੈ। ਇਸ ਤੋਂ ਕੁੱਝ ਮਾਤਰਾ ’ਚ ਆਕਸੀਜਨ ਅਲਵਿਓਲੀ ’ਚ ਖਪ ਜਾਂਦੀ ਹੈ। ਅਲਵਿਓਲੀ ਸਾਹ ਤੰਤਰ (ਰੈਸਪਿਰੇਟਰੀ ਸਿਸਟਮ) ਦਾ ਇਕ ਅਜਿਹਾ ਹਿੱਸਾ ਹੈ, ਜੋ ਆਕਸੀਜਨ ਨੂੰ ਕਾਰਬਨ ਡਾਈਆਕਸਾਈਡ ਦੇ ਮਾਲਿਕਿਊਲਸ ’ਚ ਬਦਲਦਾ ਹੈ। ਇਸ ਕਾਰਣ ਸਰੀਰ ਦੇ ਬਾਕੀ ਅੰਗਾਂ ਤੱਕ ਉਹ ਸਾਰੇ ਆਕਸੀਜਨ ਨਹੀਂ ਪਹੁੰਚਦੀ ਹੈ।


author

Karan Kumar

Content Editor

Related News