ਆਧਾਰ ਕਾਰਡ ਮੰਗਣ ’ਤੇ ਟੋਲ ਪਲਾਜ਼ਾ ਦੀ ਮਹਿਲਾ ਮੁਲਾਜ਼ਮ ਨੂੰ ਮਾਰਿਆ ਥੱਪੜ
Monday, Aug 22, 2022 - 12:37 PM (IST)
ਰਾਜਗੜ੍ਹ (ਮੱਧ ਪ੍ਰਦੇਸ਼) (ਭਾਸ਼ਾ)– ਰਾਜਗੜ੍ਹ ਜ਼ਿਲ੍ਹੇ ਵਿੱਚ ਰੋਡ ਟੈਕਸ ਦੇਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਇੱਕ ਟੋਲ ਪਲਾਜ਼ਾ ’ਤੇ ਕੰਮ ਕਰਨ ਵਾਲੀ ਮਹਿਲਾ ਮੁਲਾਜ਼ਮ ਨੂੰ ਕਥਿਤ ਤੌਰ ’ਤੇ ਥੱਪੜ ਮਾਰਨ ਦੇ ਦੋਸ਼ ਹੇਠ ਇੱਕ ਡਰਾਈਵਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਹ ਘਟਨਾ ਬੀਓਰਾ ਦੇਹਾਤ ਥਾਣਾ ਖੇਤਰ ਦੇ ਰਾਜਗੜ੍ਹ-ਭੋਪਾਲ ਰੋਡ ’ਤੇ ਸਥਿਤ ਟੋਲ ਪਲਾਜ਼ਾ ’ਤੇ ਸ਼ਨੀਵਾਰ ਦੁਪਹਿਰ ਨੂੰ ਵਾਪਰੀ ਸੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ।
ਬੀਓਰਾ ਦੇਹਾਤ ਥਾਣੇ ਦੇ ਇੰਚਾਰਜ ਰਾਮਕੁਮਾਰ ਰਘੂਵੰਸ਼ੀ ਨੇ ਦੱਸਿਆ ਕਿ ਜਰਕਦੀਆ ਖੇੜੀ ਪਿੰਡ ਦੇ ਰਹਿਣ ਵਾਲੇ ਰਾਜਕੁਮਾਰ ਗੁਰਜਰ ਨੇ ਟੋਲ ਪਲਾਜ਼ਾ ’ਤੇ ਕੰਮ ਕਰਨ ਵਾਲੀ ਇਕ ਮਹਿਲਾ ਕਰਮਚਾਰੀ ਦੇ ਥੱਪੜ ਮਾਰਿਆ ਕਿਉਂਕਿ ਮੁਲਾਜ਼ਮ ਨੇ ਸਥਾਨਕ ਨਿਵਾਸੀ ਹੋਣ ਕਾਰਨ ਉਸ ਨੂੰ ਆਪਣਾ ਆਧਾਰ ਕਾਰਡ ਦਿਖਾਉਣ ਤੇ ਰੋਡ ਟੈਕਸ ਵਿੱਚ ਛੋਟ ਪ੍ਰਾਪਤ ਕਰਨ ਲਈ ਕਿਹਾ ਸੀ। ਅਧਿਕਾਰੀ ਨੇ ਕਿਹਾ ਕਿ ਉਕਤ ਵਿਅਕਤੀ ਦੀ ਮੋਟਰ ਗੱਡੀ ਇਲੈਕਟ੍ਰਾਨਿਕ ਟੋਲ ਪੇਮੈਂਟ ਸਿਸਟਮ ਫਾਸਟੈਗ ਨਾਲ ਫਿੱਟ ਨਹੀਂ ਸੀ।