ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 70 ਦੋਪਹੀਆ ਵਾਹਨ ਬਰਾਮਦ

Tuesday, Dec 17, 2024 - 08:55 PM (IST)

ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 70 ਦੋਪਹੀਆ ਵਾਹਨ ਬਰਾਮਦ

ਜਮਸ਼ੇਦਪੁਰ - ਝਾਰਖੰਡ ਵਿੱਚ ਪੁਲਸ ਨੇ ਮੰਗਲਵਾਰ ਨੂੰ ਇੱਕ ਅੰਤਰ-ਜ਼ਿਲ੍ਹਾ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਇਸਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ 70 ਚੋਰੀ ਹੋਏ ਦੋਪਹੀਆ ਵਾਹਨ ਬਰਾਮਦ ਕੀਤੇ ਹਨ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਵਾਹਨ ਰਾਜ ਦੇ ਸਰਾਏਕੇਲਾ ਖਰਸਾਵਨ ਜ਼ਿਲ੍ਹੇ ਵਿੱਚ ਬਰਾਮਦ ਕੀਤੇ ਗਏ ਹਨ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਰਾਏਕੇਲਾ-ਖਰਸਾਵਾਂ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਮੁਕੇਸ਼ ਕੁਮਾਰ ਲੁਨਾਯਤ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ, “ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਂਚੀ ਜ਼ਿਲ੍ਹੇ ਦੇ ਤਾਮਰ ਥਾਣਾ ਖੇਤਰ ਤੋਂ ਤਿੰਨ ਮੋਟਰਸਾਈਕਲ ਚੋਰ ਕੁਚਈ ਬਾਜ਼ਾਰ ਵਿੱਚ ਮੋਟਰਸਾਈਕਲ ਚੋਰੀ ਕਰਨ ਦੀ ਯੋਜਨਾ ਬਣਾ ਰਹੇ ਹਨ। ਉਹ ਇਸ ਤੋਂ ਪਹਿਲਾਂ ਵੀ ਖੇਤਰ ਦੇ ਵੱਖ-ਵੱਖ ਪੇਂਡੂ ਬਾਜ਼ਾਰਾਂ ਅਤੇ ਮੇਲਿਆਂ ਤੋਂ ਮੋਟਰਸਾਈਕਲ ਚੋਰੀ ਕਰ ਚੁੱਕੇ ਹਨ।'' ਐਸ.ਪੀ. ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਸਰਾਏਕੇਲਾ ਦੇ ਉਪ ਮੰਡਲ ਪੁਲਸ ਅਧਿਕਾਰੀ (ਐਸ.ਡੀ.ਪੀ.ਓ.) ਸਮੀਰ ਸਵਾਈਅਨ ਦੀ ਅਗਵਾਈ ਵਿੱਚ ਛਾਪੇਮਾਰੀ ਟੀਮ ਨੇ ਕਾਰਵਾਈ ਕੀਤੀ ਅਤੇ ਰਾਂਚੀ ਜ਼ਿਲ੍ਹੇ ਦੇ ਤਾਮਰ ਥਾਣਾ ਖੇਤਰ ਦੇ ਰੇਡੀਹ ਮੋੜ ਦੇ ਰਹਿਣ ਵਾਲੇ ਸ਼ੰਕਰ ਮਾਂਝੀ ਉਰਫ ਸੰਦੀਪ ਅਤੇ ਭੂਸ਼ਨ ਮਛੂਆ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ।

ਪੁੱਛਗਿੱਛ ਦੌਰਾਨ ਮੁਲਜ਼ਮ ਸ਼ੰਕਰ ਮਾਂਝੀ ਅਤੇ ਭੂਸ਼ਣ ਮਛੂਆ ਨੇ ਪਿਛਲੇ ਕੁਝ ਸਾਲਾਂ ਦੌਰਾਨ ਸਰਾਏਕੇਲਾ-ਖਰਸਾਵਾਂ, ਰਾਂਚੀ, ਪੱਛਮੀ ਸਿੰਘਭੂਮ, ਖੁੰਟੀ ਅਤੇ ਪੂਰਬੀ ਸਿੰਘਭੂਮ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਬਾਜ਼ਾਰਾਂ ਅਤੇ ਮੇਲਿਆਂ ਤੋਂ 100 ਤੋਂ ਵੱਧ ਮੋਟਰਸਾਈਕਲ ਚੋਰੀ ਕਰਨ ਦੀ ਗੱਲ ਕਬੂਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਚੋਰੀ ਦਾ ਮੋਟਰਸਾਈਕਲ ਸ਼ਿਵ ਮੁੰਡਾ ਉਰਫ਼ (ਸ਼ਿੱਬੂ ਮੁੰਡਾ) ਵਾਸੀ ਸਰਾਏਕੇਲਾ ਖਰਸਾਵਾਂ ਜ਼ਿਲ੍ਹਾ ਅਤੇ ਮੰਗਲ ਮੁੰਡਾ ਜ਼ਿਲ੍ਹਾ ਖੁੰਟੀ ਨੂੰ ਵੇਚਦਾ ਸੀ। ਐਸ.ਪੀ. ਨੇ ਦੱਸਿਆ ਕਿ ਸ਼ਿਵ ਮੁੰਡਾ ਅਤੇ ਮੰਗਲ ਮੁੰਡਾ ਫਿਰ ਕੁਚਈ, ਦਲਭੰਗਾ ਅਤੇ ਅਰਕੀ ਥਾਣਾ ਖੇਤਰ ਵਿੱਚ ਪਿੰਡ ਵਾਸੀਆਂ ਨੂੰ ਮੋਟਰਸਾਈਕਲ ਵੇਚਦੇ ਸਨ ਅਤੇ ਉਨ੍ਹਾਂ ਨਾਲ ਵਾਅਦਾ ਕਰਦੇ ਸਨ ਕਿ ਉਹ ਬਾਅਦ ਵਿੱਚ ਵਾਹਨ ਨਾਲ ਸਬੰਧਤ ਦਸਤਾਵੇਜ਼ ਮੁਹੱਈਆ ਕਰਾਉਣਗੇ।

ਕਾਬੂ ਕੀਤੇ ਕਥਿਤ ਦੋਸ਼ੀਆਂ ਵੱਲੋਂ ਦਿੱਤੀ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਸ਼ਿਵ ਮੁੰਡਾ ਅਤੇ ਮੰਗਲ ਮੁੰਡਾ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਘਰਾਂ ਅਤੇ ਨੇੜਲੇ ਜੰਗਲਾਂ 'ਚ ਛੁਪਾ ਕੇ ਰੱਖੇ 30 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ। ਲੁਨਾਯਤ ਨੇ ਦੱਸਿਆ ਕਿ ਇਸ ਤੋਂ ਇਲਾਵਾ ਛਾਪੇਮਾਰੀ ਕਰਨ ਵਾਲੀ ਟੀਮ ਨੇ 39 ਹੋਰ ਚੋਰੀ ਦੇ ਦੋਪਹੀਆ ਵਾਹਨ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਹੁਣ ਤੱਕ 70 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ, ਜਿਸ ਨਾਲ ਸਰਾਏਕੇਲਾ, ਰਾਂਚੀ, ਜਮਸ਼ੇਦਪੁਰ, ਖੁੰਟੀ ਅਤੇ ਚਾਈਬਾਸਾ ਜ਼ਿਲ੍ਹਿਆਂ ਵਿੱਚ 25 ਮਾਮਲੇ ਸੁਲਝਾ ਲਏ ਗਏ ਹਨ। ਕੁਚਾਈ ਥਾਣੇ ਵਿੱਚ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।


author

Inder Prajapati

Content Editor

Related News