ਵੱਡੇ ਅੱਤਵਾਦੀ ਫੰਡਿੰਗ ਨੈੱਟਵਰਕ ਦਾ ਪਰਦਾਫਾਸ਼, 2 ਗ੍ਰਿਫ਼ਤਾਰ
Thursday, Aug 07, 2025 - 02:54 AM (IST)

ਸ਼੍ਰੀਨਗਰ (ਭਾਸ਼ਾ) – ਜੰਮੂ-ਕਸ਼ਮੀਰ ਪੁਲਸ ਦੀ ਖੁਫੀਆ ਇਕਾਈ ਨੇ ਦਿੱਲੀ ਵਿਚ ਇਕ ਵੱਡੇ ਅੱਤਵਾਦੀ ਫੰਡਿੰਗ ਨੈੱਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ (ਐੱਲ. ਈ. ਟੀ.) ਦੇ ਵਿੱਤੀ ਕੇਂਦਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਇਸ ਕਾਰਵਾਈ ਵਿਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਨਵੀਂ ਦਿੱਲੀ ਦੇ ਲਾਜਪਤ ਨਗਰ ਵਿਚ ‘ਸ਼ਾਲੀਮਾਰ ਟੈਕਸਟਾਈਲਜ਼’ ਨਾਂ ਦੀ ਇਕ ਸੰਸਥਾ ’ਤੇ ਛਾਪੇਮਾਰੀ ਕੀਤੀ ਗਈ, ਜਿਸ ਦਾ ਮਕਸਦ ਸਰਹੱਦ ਪਾਰੋਂ ਅੱਤਵਾਦੀਆਂ ਨੂੰ ਵਿੱਤੀ ਮਦਦ ਪ੍ਰਦਾਨ ਕਰਨ ਵਾਲੇ ਇਕ ਸਿੰਡੀਕੇਟ ਨੂੰ ਖਤਮ ਕਰਨਾ ਸੀ।
ਬੁਲਾਰੇ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਬਡਗਾਮ ਦਾ ਰਹਿਣ ਵਾਲਾ ਮੁਹੰਮਦ ਅਯੂਬ ਭੱਟ ਲਾਜਪਤ ਨਗਰ ਵਿਚ ‘ਸ਼ਾਲੀਮਾਰ ਟੈਕਸਟਾਈਲਜ਼’ ਨਾਂ ਦੀ ਇਕ ਵਪਾਰਕ ਸੰਸਥਾ ਚਲਾਉਂਦਾ ਹੈ। ਉਨ੍ਹਾਂ ਕਿਹਾ ਕਿ ਭੱਟ ਇਕ ਜਾਇਜ਼ ਕਾਰੋਬਾਰੀ ਵਜੋਂ ਕੰਮ ਕਰ ਰਿਹਾ ਸੀ ਅਤੇ ਘਾਟੀ ਵਿਚ ਲਸ਼ਕਰ-ਏ-ਤੋਇਬਾ ਦੀਆਂ ਅੱਤਵਾਦੀ ਗਤੀਵਿਧੀਆਂ ਲਈ ਫੰਡ ਮੁਹੱਈਆ ਕਰਵਾ ਰਿਹਾ ਸੀ।