ਕਈ ਚੁਣੌਤੀਆਂ ਦੇ ਬਾਵਜੂਦ 2024 ’ਚ ਮੋਟਰ ਵਾਹਨਾਂ ਦੀ ਪ੍ਰਚੂਨ ਵਿਕਰੀ 9 ਫ਼ੀਸਦੀ ਵਧੀ : ਫਾਡਾ
Tuesday, Jan 07, 2025 - 09:36 PM (IST)
ਨਵੀਂ ਦਿੱਲੀ, (ਭਾਸ਼ਾ)- ਦੇਸ਼ ’ਚ ਚੁਣੌਤੀ ਭਰਪੂਰ ਕਾਰੋਬਾਰੀ ਮਾਹੌਲ ਦਰਮਿਆਨ ਦੋਪਹੀਆ ਅਤੇ ਯਾਤਰੀ ਵਾਹਨਾਂ ਦੀ ਮਜ਼ਬੂਤ ਮੰਗ ਨਾਲ 2024 ’ਚ ਮੋਟਰ ਵਾਹਨਾਂ ਦੀ ਪ੍ਰਚੂਨ ਵਿਕਰੀ ’ਚ ਸਾਲਾਨਾ ਆਧਾਰ ’ਤੇ 9 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਫੈੱਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ (ਫਾਡਾ) ਨੇ ਕਿਹਾ ਕਿ 2024 ’ਚ ਵਾਹਨਾਂ ਦੀ ਕੁੱਲ ਰਜਿਸਟ੍ਰੇਸ਼ਨ 2,61,07,679 ਇਕਾਈ ਰਿਹਾ, ਜਦੋਂ ਕਿ ਕੈਲੰਡਰ ਸਾਲ 2023 ’ਚ ਇਹ 2,39,28,293 ਇਕਾਈ ਸੀ।
ਫਾਡਾ ਦੇ ਪ੍ਰਧਾਨ ਸੀ. ਐੱਸ. ਵਿਗਨੇਸ਼ਵਰ ਨੇ ਕਿਹਾ, ‘‘ਸਾਲ 2024 ’ਚ ਭਿਆਨਕ ਗਰਮੀ, ਕੇਂਦਰ ਅਤੇ ਸੂਬਿਆਂ ’ਚ ਚੋਣਾਂ ਅਤੇ ਅਸਾਧਾਰਣ ਮਾਨਸੂਨ ਸਮੇਤ ਕਈ ਉਲਟ ਹਾਲਾਤਾਂ ਦੇ ਬਾਵਜੂਦ ਮੋਟਰ ਵਾਹਨ ਪ੍ਰਚੂਨ ਉਦਯੋਗ ਮਜ਼ਬੂਤ ਬਣਿਆ ਰਿਹਾ।’’ ਉਨ੍ਹਾਂ ਕਿਹਾ ਕਿ ਦੋਪਹੀਆ ਵਾਹਨ ਸ਼੍ਰੇਣੀ ’ਚ ਬਿਹਤਰ ਸਪਲਾਈ, ਨਵੇਂ ਮਾਡਲ ਅਤੇ ਮਜ਼ਬੂਤ ਪੇਂਡੂ ਮੰਗ ਨੇ ਵਾਧੇ ਨੂੰ ਹੁਲਾਰਾ ਦਿੱਤਾ, ਹਾਲਾਂਕਿ ਵਿੱਤੀ ਰੁਕਾਵਟਾਂ ਅਤੇ ਵਧਦੀ ਇਲੈਕਟ੍ਰਿਕ ਵਾਹਨ (ਈ. ਵੀ.) ਮੁਕਾਬਲੇਬਾਜ਼ੀ ਦੀਆਂ ਚੁਣੌਤੀਆਂ ਨਾਲ ਸਾਹਮਣਾ ਰਿਹਾ। ਯਾਤਰੀ ਵਾਹਨਾਂ ਦੀ ਵਿਕਰੀ 2024 ’ਚ 40,73,843 ਇਕਾਈ ਰਹੀ, ਜੋ 2023 ’ਚ 38,73,381 ਇਕਾਈ ਦੇ ਮੁਕਾਬਲੇ 5 ਫ਼ੀਸਦੀ ਵੱਧ ਹੈ।
ਤਿਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ’ਚ ਵਾਧਾ
ਦੋਪਹੀਆ ਵਾਹਨਾਂ ਦੀ ਵਿਕਰੀ ਸਾਲਾਨਾ ਆਧਾਰ ’ਤੇ 11 ਫ਼ੀਸਦੀ ਵਧ ਕੇ 2024 ’ਚ 1,89,12,959 ਇਕਾਈ ਹੋ ਗਈ। 2023 ’ਚ ਇਹ 1,70,72,932 ਇਕਾਈ ਸੀ। ਉੱਥੇ ਹੀ, ਤਿਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਸਾਲਾਨਾ ਆਧਾਰ ’ਤੇ 11 ਫ਼ੀਸਦੀ ਵਧ ਕੇ 12,21,909 ਇਕਾਈ ਹੋ ਗਈ, ਜੋ 2023 ’ਚ 11,05,942 ਇਕਾਈ ਸੀ। ਟਰੈਕਟਰਾਂ ਦੀ ਵਿਕਰੀ ’ਚ ਸਾਲਾਨਾ ਆਧਾਰ ’ਤੇ 3 ਫ਼ੀਸਦੀ ਦਾ ਵਾਧਾ ਵੇਖਿਆ ਗਿਆ ਅਤੇ ਇਹ 8,94,112 ਇਕਾਈ ਰਿਹਾ, ਜਦੋਂ ਕਿ ਕਮਰਸ਼ੀਅਲ ਵਾਹਨਾਂ ਦੀ ਵਿਕਰੀ 2024 ’ਚ 10,04,856 ਇਕਾਈ ’ਤੇ ਸਥਿਰ ਰਹੀ।
ਉੱਥੇ ਹੀ, ਦਸੰਬਰ ਮਹੀਨੇ ਦੀ ਗੱਲ ਕਰੀਏ ਤਾਂ ਫਾਡਾ ਅਨੁਸਾਰ ਮੋਟਰ ਵਾਹਨ ਖੇਤਰ ਦੀ ਪ੍ਰਚੂਨ ਵਿਕਰੀ ਸਾਲਾਨਾ ਆਧਾਰ ’ਤੇ 12 ਫ਼ੀਸਦੀ ਘਟ ਕੇ 17,56,419 ਇਕਾਈ ਰਹਿ ਗਈ। ਦਸੰਬਰ 2023 ’ਚ 14,54,353 ਇਕਾਈਆਂ ਦੇ ਮੁਕਾਬਲੇ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ 18 ਫ਼ੀਸਦੀ ਘਟ ਕੇ 11,97,742 ਇਕਾਈ ਰਹਿ ਗਈ। ਦਸੰਬਰ 2023 ’ਚ 2,99,351 ਇਕਾਈਆਂ ਦੇ ਮੁਕਾਬਲੇ ਪਿਛਲੇ ਮਹੀਨੇ ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ ਵੀ 2 ਫ਼ੀਸਦੀ ਘਟ ਕੇ 2,93,465 ਇਕਾਈ ਰਹਿ ਗਈ।