ਮੁੰਡੇ ਦੀ ਚਾਹ ਨੇ ਉਜਾੜਿਆ ਹੱਸਦਾ-ਵੱਸਦਾ ਘਰ; ਮਾਂ ਨੇ ਦੋ ਧੀਆਂ ਨਾਲ ਚੁੱਕਿਆ ਖੌਫਨਾਕ ਕਦਮ
Sunday, Jan 11, 2026 - 11:41 PM (IST)
ਬਹਿਰਾਇਚ : ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਤੋਂ ਇੱਕ ਬੇਹੱਦ ਦਰਦਨਾਕ ਅਤੇ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮਾਂ ਨੇ ਆਪਣੀਆਂ ਦੋ ਮਾਸੂਮ ਧੀਆਂ ਨਾਲ ਮੌਤ ਨੂੰ ਗਲੇ ਲਗਾ ਲਿਆ। ਕੋਤ ਬਾਜ਼ਾਰ ਇਲਾਕੇ ਵਿੱਚ ਵਾਪਰੀ ਇਸ ਘਟਨਾ ਵਿੱਚ ਇੱਕ 42 ਸਾਲਾ ਔਰਤ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਵੱਲੋਂ ਮੁੰਡਾ ਨਾ ਹੋਣ ਕਾਰਨ ਦਿੱਤੇ ਜਾ ਰਹੇ ਤਾਣਿਆਂ ਅਤੇ ਤਸੀਹੇ ਤੋਂ ਤੰਗ ਆ ਕੇ ਇਹ ਖ਼ੌਫ਼ਨਾਕ ਕਦਮ ਚੁੱਕਿਆ।
ਮਾਸੂਮ ਧੀਆਂ ਸਣੇ ਤਲਾਬ 'ਚ ਮਾਰੀ ਛਾਲ
ਪੁਲਸ ਅਨੁਸਾਰ, ਮ੍ਰਿਤਕ ਮਹਿਲਾ ਦੀ ਪਛਾਣ ਨਿਸ਼ਾ (42) ਵਜੋਂ ਹੋਈ ਹੈ, ਜਿਸ ਦਾ ਵਿਆਹ ਕੋਤ ਬਾਜ਼ਾਰ ਦੇ ਰਹਿਣ ਵਾਲੇ ਵਿਸ਼ਨੂੰ ਨਾਲ ਹੋਇਆ ਸੀ। ਸ਼ਨੀਵਾਰ ਨੂੰ ਨਿਸ਼ਾ ਆਪਣੀਆਂ ਦੋ ਧੀਆਂ, 7 ਸਾਲਾ ਮਿਸਤੀ ਅਤੇ 2 ਸਾਲਾ ਖੁਸ਼ਬੂ ਨੂੰ ਨਾਲ ਲੈ ਕੇ ਪਿੰਡ ਦੇ ਬਾਹਰ ਸਥਿਤ ਇੱਕ ਡੂੰਘੇ ਤਲਾਬ ਕੋਲ ਗਈ ਅਤੇ ਉੱਥੇ ਦੋਵਾਂ ਬੱਚੀਆਂ ਸਮੇਤ ਛਾਲ ਮਾਰ ਦਿੱਤੀ। ਰਾਤ ਸਮੇਂ ਗੋਤਾਖੋਰਾਂ ਦੀ ਮਦਦ ਨਾਲ ਤਿੰਨਾਂ ਦੀਆਂ ਲਾਸ਼ਾਂ ਨੂੰ ਤਲਾਬ ਵਿੱਚੋਂ ਬਾਹਰ ਕੱਢਿਆ ਗਿਆ।
ਪਤੀ ਅਤੇ ਸਹੁਰੇ ਪੱਖ 'ਤੇ ਲੱਗੇ ਗੰਭੀਰ ਦੋਸ਼
ਮ੍ਰਿਤਕਾ ਦੇ ਪਿਤਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਮੁਤਾਬਕ ਨਿਸ਼ਾ ਨੂੰ ਮੁੰਡਾ ਨਾ ਹੋਣ ਕਾਰਨ ਲਗਾਤਾਰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾਂਦਾ ਸੀ। ਪਤੀ ਅਤੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਲਗਾਤਾਰ ਤਾਣੇ ਮਾਰਦੇ ਸਨ ਅਤੇ ਇਸ ਦੇ ਨਾਲ ਹੀ ਉਸ ਨੂੰ ਦਾਜ ਲਈ ਵੀ ਪ੍ਰਤਾੜਿਤ ਕੀਤਾ ਜਾ ਰਿਹਾ ਸੀ। ਪੁਲਿਸ ਮੁਤਾਬਕ ਇਸ ਲਗਾਤਾਰ ਹੋ ਰਹੀ ਕਰੂਰਤਾ ਕਾਰਨ ਨਿਸ਼ਾ ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ।
ਪੁਲਸ ਵੱਲੋਂ ਮਾਮਲਾ ਦਰਜ
ਪਯਾਗਪੁਰ ਥਾਣੇ ਦੇ ਇੰਚਾਰਜ ਸੰਜੇ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ ਦੇ ਅਧਾਰ 'ਤੇ ਪਤੀ ਵਿਸ਼ਨੂੰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵਿਰੁੱਧ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 85 (ਕਰੂਰਤਾ ਅਤੇ ਘਰੇਲੂ ਹਿੰਸਾ), ਧਾਰਾ 108 (ਖ਼ੁਦਕੁਸ਼ੀ ਲਈ ਉਕਸਾਉਣਾ) ਅਤੇ ਦਾਜ ਰੋਕੂ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਹੁਣ ਮਾਮਲੇ ਦੇ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਅਗਲੇਰੀ ਕਾਰਵਾਈ ਕਰ ਰਹੀ ਹੈ।
