ਕੋਲਕਾਤਾ ਰੇਪ ਤੇ ਕਤਲ ਮਾਮਲੇ ਦੇ ਦੋਸ਼ੀ ਸੰਜੈ ਰਾਏ ਦੀ ਸੱਸ ਦਾ ਬਿਆਨ, ਕਿਹਾ-''ਸਜ਼ਾ ਤਾਂ ਮਿਲਣੀ ਚਾਹੀਦੀ ਹੈ...''

Tuesday, Aug 20, 2024 - 05:16 AM (IST)

ਨੈਸ਼ਨਲ ਡੈਸਕ- ਬੀਤੇ ਕਈ ਦਿਨਾਂ ਤੋਂ ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ 'ਚ ਦੂਜੇ ਸਾਲ ਦੀ ਪੋਸਟ ਗ੍ਰੈਜੂਏਟ ਮਹਿਲਾ ਡਾਕਟਰ ਨਾਲ ਹੋਏ ਜਬਰ-ਜਨਾਹ ਤੇ ਕਤਲ ਦੇ ਮਾਮਲੇ ਕਾਰਨ ਪੂਰੇ ਦੇਸ਼ ਦਾ ਮਾਹੌਲ ਗਰਮਾਇਆ ਹੋਇਆ ਹੈ। ਹਰ ਪਾਸੇ ਪੀੜਤਾ ਨੂੰ ਇਨਸਾਫ਼ ਦਿਵਾਉਣ ਲਈ ਆਵਾਜ਼ਾਂ ਉਠਾਈਆਂ ਜਾ ਰਹੀਆਂ ਹਨ। 

ਇਸ ਦੌਰਾਨ ਮਾਮਲੇ ਦਾ ਮੁੱਖ ਦੋਸ਼ੀ ਸੰਜੈ ਰਾਏ, ਜੋ ਕਿ ਪੁਲਸ 'ਚ ਸਿਵਿਕ ਵਾਲੰਟੀਅਰ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਬੀਤੇ ਦਿਨ ਪੀੜਤ ਡਾਕਟਰ ਦੇ ਮਾਪਿਆਂ ਦਾ ਬਿਆਨ ਸਾਹਮਣੇ ਆਇਆ ਸੀ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦੇ ਦਾਅਵੇ ਕਰਦੇ ਆ ਰਹੇ ਹਨ ਤੇ ਸਭ ਨੂੰ ਇਕਜੁੱਟ ਹੋਣ ਲਈ ਵੀ ਕਹਿ ਰਹੇ ਹਨ, ਪਰ ਫ਼ਿਰ ਉਹ ਉਨ੍ਹਾਂ ਲੋਕਾਂ ਨੂੰ ਜੇਲ੍ਹਾਂ 'ਚ ਕਿਉਂ ਸੁੱਟ ਰਹੇ ਹਨ, ਜੋ ਸੜਕਾਂ 'ਤੇ ਉਤਰ ਕੇ ਉਸ ਦੀ ਧੀ ਨੂੰ ਇਨਸਾਫ਼ ਦਿਵਾਉਣ ਲਈ ਗੁਹਾਰ ਲਗਾ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਮੁੱਖ ਮੰਤਰੀ ਜੋ ਕਰ ਰਹੇ ਹਨ, ਅਸੀਂ ਉਸ ਨਾਲ ਸੰਤੁਸ਼ਟ ਨਹੀਂ ਹਾਂ।

ਹੁਣ ਇਸ ਤੋਂ ਬਾਅਦ ਮਾਮਲੇ ਦੇ ਮੁੱਖ ਦੋਸ਼ੀ ਸੰਜੈ ਰਾਏ ਦੀ ਸੱਸ ਦੁਰਗਾ ਦੇਵੀ ਨੇ ਵੀ ਉਸ ਦੇ ਬਾਰੇ ਪਹਿਲੀ ਵਾਰ ਕੋਈ ਬਿਆਨ ਦਿੱਤਾ ਹੈ। ਉਸ ਨੇ ਦੱਸਿਆ ਕਿ ਸੰਜੈ ਦਾ ਪਹਿਲਾਂ ਵੀ ਇਕ ਵਿਆਹ ਹੋਇਆ ਸੀ, ਜਿਸ 'ਚ ਉਸ ਦਾ ਤਲਾਕ ਹੋ ਗਿਆ ਸੀ। 2 ਸਾਲ ਪਹਿਲਾਂ ਹੀ ਉਸ ਦੀ ਧੀ ਨਾਲ ਸੰਜੈ ਨੇ ਦੂਜਾ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਸੰਜੈ ਉਸ ਦੀ ਧੀ ਨਾਲ ਚੰਗਾ ਵਿਵਹਾਰ ਨਹੀਂ ਕਰਦਾ ਸੀ। 

ਇਹ ਵੀ ਪੜ੍ਹੋ- ਸ਼ਗਨਾਂ ਵਾਲੇ ਦਿਨ ਬੁਝ ਗਿਆ ਘਰ ਦਾ ਚਿਰਾਗ, 'ਆ ਕੇ ਰੱਖੜੀ ਬੰਨ੍ਹਾਉਂਦਾ...' ਕਹਿ ਕੇ ਗਿਆ ਮੁੜ ਨਾ ਆਇਆ ਨੌਜਵਾਨ

ਉਸ ਨੇ ਅੱਗੇ ਦੱਸਿਆ ਕਿ ਉਹ ਉਸ ਨਾਲ ਸ਼ਰਾਬ ਪੀ ਕੇ ਕੁੱਟਮਾਰ ਕਰਦਾ ਸੀ, ਜਿਸ ਕਾਰਨ ਉਸ ਦੀ ਧੀ ਦਾ 3 ਮਹੀਨੇ ਦੀ ਗਰਭਵਤੀ ਹੋਣ ਤੋਂ ਬਾਅਦ ਗਰਭਪਾਤ ਹੋ ਗਿਆ ਸੀ। ਉਸ ਦੇ ਮਾੜੇ ਵਤੀਰੇ ਕਾਰਨ ਉਸ ਦੇ ਇਲਾਜ ਦਾ ਸਾਰਾ ਖ਼ਰਚਾ ਵੀ ਦੁਰਗਾ ਦੇਵੀ ਦੇ ਪਰਿਵਾਰ ਨੇ ਖ਼ੁਦ ਕੀਤਾ ਸੀ। ਉਨ੍ਹਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਵੀ ਦਿੱਤੀ ਸੀ। ਉਨ੍ਹਾਂ ਦੀ ਧੀ ਗਰਭਪਾਤ ਹੋਣ ਦੇ ਕਰੀਬ ਡੇਢ ਤੋਂ 2 ਮਹੀਨੇ ਬਾਅਦ ਹੀ ਦੁਨੀਆ ਨੂੰ ਅਲਵਿਦਾ ਕਹਿ ਗਈ ਸੀ। 

ਉਨ੍ਹਾਂ ਕਿਹਾ ਕਿ ਸੰਜੈ ਚੰਗਾ ਇਨਸਾਨ ਨਹੀਂ ਹੈ। ਪਰ ਉਹ ਮਹਿਲਾ ਡਾਕਟਰ ਨਾਲ ਇੰਨੀ ਅਣਮਨੁੱਖੀ ਵਾਰਦਾਤ ਨੂੰ ਅੰਜਾਮ ਇਕੱਲਾ ਨਹੀਂ ਦੇ ਸਕਦਾ। ਉਸ 'ਚ ਅਜਿਹਾ ਕਰਨ ਦੀ ਸਮਰੱਥਾ ਨਹੀਂ ਹੈ। ਹੁਣ ਉਸ ਨੂੰ ਚਾਹੇ ਫਾਂਸੀ ਚੜ੍ਹਾਓ ਜਾਂ ਕੋਈ ਹੋਰ ਸਜ਼ਾ ਦਿਓ, ਜੇਕਰ ਉਸ ਨੇ ਗ਼ਲਤੀ ਕੀਤੀ ਹੈ ਤਾਂ ਉਸ ਨੂੰ ਉਸ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। 

ਇਹ ਵੀ ਪੜ੍ਹੋ- 12ਵੀਂ ਦੀ ਵਿਦਿਆਰਥਣ ਨੂੰ ਆਟੋ ਚਾਲਕ ਨੇ ਬਣਾਇਆ ਹਵਸ ਦਾ ਸ਼ਿਕਾਰ, ਪੁਲਸ ਨੇ 4 ਘੰਟਿਆਂ 'ਚ ਕਰ ਲਿਆ ਕਾਬੂ

ਇਹੀ ਨਹੀਂ, ਇਸ ਮਾਮਲੇ 'ਚ ਪੱਛਮੀ ਬੰਗਾਲ ਦੇ ਰਾਜਪਾਲ ਸੀ.ਵੀ. ਆਨੰਦ ਬੋਸ ਨੇ ਵੀ ਸੂਬਾ ਸਰਕਾਰ 'ਤੇ ਹਮਲਾ ਬੋਲਿਆ ਹੈ। ਰਾਜਪਾਲ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਲੋਕਤੰਤਰ ਖ਼ਤਮ ਹੋ ਰਿਹਾ ਹੈ। ਸੂਬਾ ਹੁਣ ਔਰਤਾਂ ਲਈ ਸੁਰੱਖਿਅਤ ਨਹੀਂ ਰਿਹਾ ਅਤੇ ਸੂਬਾ ਸਰਕਾਰ ਇਸ ਮੁੱਦੇ 'ਤੇ ਅਸੰਵੇਦਨਸ਼ੀਲ ਹੈ। ਮੌਜੂਦਾ ਸਰਕਾਰ ਨੇ ਔਰਤਾਂ ਨੂੰ ਨਿਰਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਚੱਲੇਗਾ ਅਤੇ ਉਨ੍ਹਾਂ ਲਈ ਸਾਰੇ ਸੰਵਿਧਾਨਕ ਵਿਕਲਪ ਖੁੱਲ੍ਹੇ ਹਨ।

ਜ਼ਿਕਰਯੋਗ ਹੈ ਕਿ ਇਸ ਮਾਮਲੇ 'ਤੇ ਅੱਜ (ਮੰਗਲਵਾਰ) ਸੁਪਰੀਮ ਕੋਰਟ 'ਚ ਸੁਣਵਾਈ ਹੋਵੇਗੀ। ਸੁਪਰੀਮ ਕੋਰਟ ਨੇ ਜੂਨੀਅਰ ਡਾਕਟਰ ਦੇ ਬਲਾਤਕਾਰ ਅਤੇ ਹੱਤਿਆ ਅਤੇ ਹਸਪਤਾਲ ਵਿੱਚ ਭੰਨਤੋੜ ਦੇ ਮਾਮਲੇ ਦਾ ਖੁਦ ਨੋਟਿਸ ਲਿਆ ਹੈ। ਚੀਫ਼ ਜਸਟਿਸ (ਸੀ.ਜੇ.ਆਈ.) ਡੀ.ਵਾਈ. ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਮਾਮਲੇ ਦੀ ਸੁਣਵਾਈ ਕਰੇਗੀ।

ਇਹ ਵੀ ਪੜ੍ਹੋ- ਕੋਲਕਾਤਾ ਰੇਪ ਤੇ ਕਤਲ ਮਾਮਲੇ 'ਚ ਮਹਿਲਾ ਡਾਕਟਰ ਦੇ ਮਾਪਿਆਂ ਦਾ ਵੱਡਾ ਬਿਆਨ, ਕੀਤੇ ਕਈ ਅਹਿਮ ਖੁਲਾਸੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News