ਦਿੱਲੀ ’ਚ ਆਈ. ਆਰ. ਐੱਸ. ਅਧਿਕਾਰੀ ਦੀ ਧੀ ਦਾ ਜਬਰ-ਜ਼ਨਾਹ ਤੋਂ ਬਾਅਦ ਕਤਲ
Wednesday, Apr 22, 2026 - 10:21 PM (IST)
ਨਵੀਂ ਦਿੱਲੀ, (ਭਾਸ਼ਾ)- ਰਾਸ਼ਟਰੀ ਰਾਜਧਾਨੀ ਵਿਚ ਇਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿਸ ਵਿਚ ਪਾਸ਼ ਇਲਾਕੇ ਕੈਲਾਸ਼ ਹਿਲਜ਼ ਵਿਚ ਭਾਰਤੀ ਮਾਲੀਆ ਸੇਵਾ (ਆਈ. ਆਰ. ਐੱਸ.) ਦੇ ਇਕ ਸੀਨੀਅਰ ਅਧਿਕਾਰੀ ਦੀ ਆਈ. ਆਈ. ਟੀ. ਤੋਂ ਪੜ੍ਹੀ 22 ਸਾਲਾ ਧੀ ਦਾ ਬੁੱਧਵਾਰ ਸਵੇਰੇ ਕਥਿਤ ਤੌਰ ’ਤੇ ਜਬਰ-ਜ਼ਨਾਹ ਤੋਂ ਬਾਅਦ ਕਤਲ ਕਰ ਦਿੱਤਾ ਗਿਆ। ਮੁਲਜ਼ਮ ਨੇ ਇਸ ਘਟਨਾ ਤੋਂ ਕੁਝ ਸਮਾਂ ਪਹਿਲਾਂ ਰਾਜਸਥਾਨ ਦੇ ਅਲਵਰ ਵਿਚ ਵੀ ਇਕ ਔਰਤ ਦਾ ਜਿਨਸੀ ਸ਼ੋਸ਼ਣ ਕੀਤਾ ਸੀ।
ਪੁਲਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਘਰ ਦੇ ਸਾਬਕਾ ਨੌਕਰ ਰਾਹੁਲ ਮੀਣਾ (19) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੇ ਘਰ ਵਿਚ ਕਰੀਬ 8 ਮਹੀਨੇ ਕੰਮ ਕੀਤਾ ਸੀ। ਉਸ ਨੂੰ ਰੋਜ਼ਾਨਾ ਖਰੀਦਦਾਰੀ ਦੇ ਬਿੱਲਾਂ ਵਿਚ ਹੇਰਾਫੇਰੀ ਦੇ ਦੋਸ਼ ਵਿਚ ਲੱਗਭਗ ਇਕ ਮਹੀਨਾ ਪਹਿਲਾਂ ਕੰਮ ਤੋਂ ਕੱਢ ਦਿੱਤਾ ਗਿਆ ਸੀ। ਮ੍ਰਿਤਕਾ ਦੇ ਮਾਪੇ ਜਿਮ ਜਾਣ ਸਮੇਂ ਸਵੇਰੇ ਘਰ ਨੂੰ ਤਾਲਾ ਲਗਾ ਦਿੰਦੇ ਸਨ ਅਤੇ ਚਾਬੀਆਂ ਘਰੇਲੂ ਸਹਾਇਕ (ਨੌਕਰ) ਲਈ ਬਾਹਰ ਰੱਖ ਦਿੰਦੇ ਸਨ।
ਰਾਹੁਲ ਨੂੰ ਪਤਾ ਸੀ ਕਿ ਚਾਬੀਆਂ ਕਿੱਥੇ ਰੱਖੀਆਂ ਹੁੰਦੀਆਂ ਹਨ ਅਤੇ ਉਸ ਨੇ ਬੁੱਧਵਾਰ ਨੂੰ ਘਰ ਵਿਚ ਦਾਖਲ ਹੋਣ ਲਈ ਉਨ੍ਹਾਂ ਹੀ ਚਾਬੀਆਂ ਦੀ ਵਰਤੋਂ ਕੀਤੀ। ਪੁਲਸ ਅਨੁਸਾਰ, ਜਿਮ ਤੋਂ ਵਾਪਸ ਆਉਣ ’ਤੇ ਪਰਿਵਾਰਕ ਮੈਂਬਰਾਂ ਨੇ ਮੁਟਿਆਰ ਨੂੰ ਕਮਰੇ ਵਿਚ ਮ੍ਰਿਤਕ ਪਾਇਆ। ਸੰਘ ਲੋਕ ਸੇਵਾ ਕਮਿਸ਼ਨ (ਯੂ. ਪੀ. ਐੱਸ. ਸੀ.) ਦੀ ਪ੍ਰੀਖਿਆ ਦੀ ਤਿਆਰੀ ਕਰ ਰਹੀ ਮੁਟਿਆਰ ਘਟਨਾ ਵੇਲੇ ਘਰ ਵਿਚ ਇਕੱਲੀ ਸੀ।
ਸੂਤਰਾਂ ਨੇ ਦੱਸਿਆ ਕਿ ਪੀੜਤਾ ਨੇ ਡਟ ਕੇ ਵਿਰੋਧ ਕੀਤਾ, ਜਿਸ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਕਾਬੂ ਕਰਨ ਲਈ ਡੰਡੇ ਨਾਲ ਉਸ ਦੇ ਸਿਰ ’ਤੇ ਵਾਰ ਕੀਤਾ ਅਤੇ ਜਬਰ-ਜ਼ਨਾਹ ਕਰਨ ਤੋਂ ਬਾਅਦ ਚਾਰਜਿੰਗ ਕੇਬਲ ਨਾਲ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ।
