ਭਾਰੀ ਬਾਰਿਸ਼ ਨੇ ਮਚਾਈ ਤਬਾਹੀ, ਮਲਬੇ ਹੇਠਾਂ ਦੱਬ ਕੇ ਮਾਂ-ਧੀ ਦੀ ਮੌਤ
Sunday, Jul 28, 2024 - 04:54 AM (IST)
ਦੇਹਰਾਦੂਨ- ਸੂਬੇ ’ਚ ਸ਼ਨੀਵਾਰ ਰਾਤ ਤੋਂ ਐਤਵਾਰ ਸਵੇਰ ਤੱਕ ਪਏ ਭਾਰੀ ਮੀਂਹ ਨੇ ਪਹਾੜਾਂ ’ਚ ਤਬਾਹੀ ਮਚਾਈ। ਭਾਰੀ ਮੀਂਹ ਕਾਰਨ ਜਿੱਥੇ ਨਦੀਆਂ-ਨਾਲਿਆਂ ’ਚ ਪਾਣੀ ਭਰਿਆ ਹੋਇਆ ਹੈ, ਉੱਥੇ ਹੀ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।
ਟਿਹਰੀ ਜ਼ਿਲੇ ਦੇ ਭਿਲੰਗਨਾ ਬਲਾਕ ਦੇ ਤਹਿਤ ਬੂੜਾਕੇਦਾਰ ਇਲਾਕੇ ਦੇ ਤੋਲੀ ਪਿੰਡ ’ਚ ਬੱਦਲ ਫਟਣ ਕਾਰਨ ਆਏ ਹੜ੍ਹ ਦੇ ਮਲਬੇ ਹੇਠਾਂ ਦੱਬਣ ਨਾਲ ਮਾਂ-ਧੀ ਦੀ ਮੌਤ ਹੋ ਗਈ। ਮੀਂਹ ਕਾਰਨ ਇੱਥੋਂ ਦੇ ਤਿੰਨ ਪਿੰਡ ਢਿੱਗਾਂ ਡਿੱਗਣ ਕਾਰਨ ਲਪੇਟ ’ਚ ਆ ਗਏ ਹਨ। ਪ੍ਰਸ਼ਾਸਨ ਨੇ ਤਿਨਗੜ੍ਹ, ਤੋਲੀ ਅਤੇ ਭਿਗੁਨ ’ਚ ਖਤਰੇ ਦੀ ਸੰਭਾਵਨਾ ਦੇ ਮੱਦੇਨਜ਼ਰ ਤਿੰਨਾਂ ਪਿੰਡਾਂ ਦੇ 80 ਪਰਿਵਾਰਾਂ ਨੂੰ ਅਸਥਾਈ ਕੈਂਪਾਂ ’ਚ ਸ਼ਿਫਟ ਕਰ ਦਿੱਤਾ ਹੈ।
ਉਥੇ ਹੀ ਉੱਤਰਕਾਸ਼ੀ ਜ਼ਿਲੇ ’ਚ ਸਥਿਤ ਗੰਗੋਤਰੀ ਧਾਮ ’ਚ ਸ਼ਨੀਵਾਰ ਰਾਤ ਨੂੰ ਪਾਣੀ ਦਾ ਪੱਧਰ ਵਧਣ ਕਾਰਨ ਸ਼ਿਵਾਨੰਦ ਆਸ਼ਰਮ ਭਾਗੀਰਥੀ ਡੁੱਬ ਗਿਆ। ਐੱਸ. ਡੀ. ਆਰ. ਐੱਫ. ਨੇ ਆਸ਼ਰਮ ’ਚ ਫਸੇ 10 ਸਾਧੂਆਂ ਅਤੇ ਵਰਕਰਾਂ ਨੂੰ ਬਚਾਇਆ। ਦੂਜੇ ਪਾਸੇ ਰੁਦਰਪ੍ਰਯਾਗ ਜ਼ਿਲੇ ’ਚ ਕੇਦਾਰਨਾਥ-ਗੌਰੀਕੁੰਡ ਸੜਕ 50 ਮੀਟਰ ਧੱਸ ਗਈ।
ਸੜਕ ਦੇ ਦੂਜੇ ਪਾਸੇ 2500 ਤੋਂ ਵੱਧ ਯਾਤਰੀ ਫਸ ਗਏ, ਜਿਨ੍ਹਾਂ ਨੂੰ ਸੁਰੱਖਿਅਤ ਬਚਾਅ ਕੇ ਦੂਜੇ ਪਾਸੇ ਪਹੁੰਚਾਇਆ ਗਿਆ। ਕਈ ਥਾਵਾਂ ’ਤੇ ਜ਼ਮੀਨ ਖਿਸਕਣ ਕਾਰਨ ਸੜਕ ’ਤੇ ਮਲਬਾ ਡਿੱਗਣ ਕਾਰਨ ਯਾਤਰਾ ਪ੍ਰਭਾਵਿਤ ਹੋਈ ਹੈ।