ਧੀ ਨੂੰ ਤੜਫਦਿਆਂ ਦੇਖ ਬਚਾਉਣ ਲਈ ਦੌੜੀ ਮਾਂ, ਕਰੰਟ ਲੱਗਣ ਕਾਰਨ ਦੋਵਾਂ ਦੀ ਹੋਈ ਮੌਤ

Saturday, Jul 27, 2024 - 12:20 AM (IST)

ਬਰੇਲੀ : ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਪੇਂਡੂ ਇਲਾਕੇ ਵਿਚ ਸ਼ੁੱਕਰਵਾਰ ਨੂੰ ਇਕ ਘਰ ਦੀ ਛੱਤ 'ਤੇ ਹਾਈਟੈਂਸ਼ਨ ਲਾਈਨ ਦੀ ਤਾਰ ਟੁੱਟ ਕੇ ਡਿੱਗਣ ਕਾਰਨ ਉਸ ਦੀ ਲਪੇਟ ਵਿਚ ਆਈਆਂ ਮਾਂ-ਧੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਘਟਨਾ ਦੇ ਸਿਲਸਿਲੇ ਵਿਚ ਬਿਜਲੀ ਵਿਭਾਗ ਦੇ ਲਾਈਨਮੈਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਘਟਨਾ ਤੋਂ ਬਾਅਦ ਲੋਕਾਂ ਨੇ ਬਿਜਲੀ ਵਿਭਾਗ ਦੇ ਖਿਲਾਫ ਹੰਗਾਮਾ ਕੀਤਾ। ਮੌਕੇ 'ਤੇ ਪਹੁੰਚੀ ਬਹੇੜੀ ਪੁਲਿਸ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਬਰੇਲੀ ਦੇ ਵਧੀਕ ਜ਼ਿਲ੍ਹਾਂ ਅਧਿਕਾਰੀ ਸੰਤੋਸ਼ ਬਹਾਦੁਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਆਰਤੀ ਦੇਵੀ (30) ਤੇ ਉਸ ਦੀ ਬੇਟੀ ਤਨੂ (4) ਸ਼ਕਰਸ ਪਿੰਡ ਆਏ ਹੋਏ ਸਨ। ਪਿੰਡ ਸ਼ਕਰਸ ਵਿਚ ਘਰ ਦੇ ਉੱਪਰ ਸ਼ੁੱਕਰਵਾਰ ਨੂੰ ਦੁਪਹਿਰੇ ਤਕਰੀਬਨ ਇਕ ਵਜੇ ਆਰਤੀ ਆਪਣੀ ਬੇਟੀ ਨਾਲ ਮਕਾਨ ਦੀ ਛੱਤ 'ਤੇ ਗਈ ਸੀ। ਇਸੇ ਦੌਰਾਨ ਹਾਈਟੈਂਸ਼ਨ ਲਾਈਨ ਦੀ ਇਕ ਤਾਰ ਟੁੱਟ ਕੇ ਤਨੂ ਦੇ ਪੈਰ 'ਤੇ ਡਿੱਗੀ ਤੇ ਉਹ ਕਰੰਟ ਲੱਗਣ ਕਾਰਨ ਤੜਫਣ ਲੱਗੀ। ਉਸ ਨੂੰ ਬਚਾਉਣ ਲਈ ਮਾਂ ਆਰਤੀ ਦੌੜੀ। ਉਹ ਵੀ ਕਰੰਟ ਦੀ ਲਪੇਟ ਵਿਚ ਆ ਗਈ, ਜਿਸ ਨਾਲ ਦੋਵਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਆਰਤੀ ਤੇ ਤਨੂ ਚੰਦਪੁਰ ਚੁੰਬਕੀਆ ਥਾਣਾ ਦੇਵਰੀਆ ਜ਼ਿਲ੍ਹਾ ਬਰੇਲੀ ਦੀਆਂ ਰਹਿਣ ਵਾਲੀਆਂ ਸਨ। ਸਬ ਡਵਿਜ਼ਨ ਅਧਿਕਾਰੀ ਬਹੇੜੀ ਪ੍ਰੇਮਚੰਦ ਯਾਦਵ ਨੇ ਦੱਸਿਆ ਕਿ ਇਸ ਹਾਦਸੇ ਦੇ ਸਿਲਸਿਲੇ ਵਿਚ ਮ੍ਰਿਤਕਾ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। 

ਹਾਦਸਾ ਦੇਖਦੇ ਹੀ ਇਲਾਕੇ ਵਿਚ ਚੀਕ ਚਿਹਾੜਾ ਪੈ ਗਿਆ। ਪਿੰਡ ਦੇ ਲੋਕਾਂ ਨੇ ਬਿਜਲੀ ਸਪਲਾਈ ਬੰਦ ਕਰਵਾਈ ਤਾਂ ਦੋਵਾਂ ਦੀਆਂ ਲਾਸ਼ਾਂ ਨੂੰ ਛੱਤ ਤੋਂ ਹੇਠਾਂ ਉਤਾਰਿਆ ਗਿਆ। ਪਿੰਡ ਵਾਲਿਆਂ ਨੇ ਬਿਜਲੀ ਵਿਭਾਗ ਦੀ ਲਾਪਰਵਾਹੀ ਦੇ ਚੱਲਦੇ ਘਟਨਾ ਹੋਣ ਦਾ ਦੋਸ਼ ਲਗਾਇਆ। ਪਿੰਡ ਦੇ ਲੋਕਾਂ ਨੇ ਮੁਲਜ਼ਮਾਂ 'ਤੇ ਕਾਰਵਾਈ ਦੇ ਨਾਲ ਮਕਾਨ ਦੇ ਉੱਪਰੋਂ ਜਾ ਰਹੀ ਹਾਈਟੈਂਸ਼ਨ ਲਾਈਨ ਨੂੰ ਹਟਾਉਣ ਦੀ ਮੰਗ ਕੀਤੀ ਹੈ। ਸਾਰੇ ਵਿਰੋਧ ਤੋਂ ਬਾਅਦ ਲੋਕਾਂ ਨੂੰ ਸਮਝਾਉਣ ਤੋਂ ਬਾਅਦ ਲਾਸ਼ਾਂ ਦਾ ਪੰਚਨਾਮਾ ਭਰ ਕੇ ਪੋਸਟਮਾਰਟਮ ਕਰਵਾਉਣ ਲਈ ਭੇਗਿਆ ਗਿਆ।


Baljit Singh

Content Editor

Related News