ਸਰਕਾਰੀ ਮੰਤਰਾਲਿਆਂ, ਵਿਭਾਗਾਂ ''ਚ ਖ਼ਾਲੀ ਹਨ 9.79 ਲੱਖ ਤੋਂ ਵੱਧ ਅਹੁਦੇ, ਰੇਲਵੇ ''ਚ ਸਭ ਤੋਂ ਵੱਧ
03/29/2023 4:44:41 PM

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਅਮਲਾ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ 9.79 ਲੱਖ ਤੋਂ ਵੱਧ ਅਹੁਦੇ ਖ਼ਾਲੀ ਹਨ, ਜਿਨ੍ਹਾਂ 'ਚ ਸਭ ਤੋਂ ਵੱਧ 2.93 ਲੱਖ ਰੇਲਵੇ 'ਚ ਹਨ। ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਈ ਮੰਤਰਾਲਿਆਂ, ਵਿਭਾਗਾਂ ਅਤੇ ਸੰਗਠਨਾਂ ਅਨੁਸਾਰ ਅਹੁਦੇ ਖ਼ਾਲੀ ਹੋਣਾ ਅਤੇ ਭਰਨਾ ਇਕ ਨਿਰੰਤਰ ਪ੍ਰਕਿਰਿਆ ਹੈ। ਉਨ੍ਹਾਂ ਨੇ ਲੋਕ ਸਭਾ 'ਚ ਇਕ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਕਿਹਾ,''ਸਰਕਾਰ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਦੇ ਖ਼ਾਲੀ ਅਹੁਦਿਆਂ ਨੂੰ ਸਮੇਂ 'ਤੇ ਭਰਨ ਲਈ ਪਹਿਲੇ ਹੀ ਨਿਰਦੇਸ਼ ਜਾਰੀ ਕਰ ਚੁੱਕੀ ਹੈ।
ਭਾਰਤ ਸਰਕਾਰ ਵਲੋਂ ਆਯੋਜਿਤ ਕੀਤੇ ਜਾ ਰਹੇ ਰੁਜ਼ਗਾਰ ਮੇਲੇ ਰੁਜ਼ਗਾਰ ਸਿਰਜਣ 'ਚ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ।'' ਸਿੰਘ ਨੇ ਖਰਚਾ ਵਿਭਾਗ ਦੀ ਸਾਲਾਨਾ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਰੇਲਵੇ ਤੋਂ ਇਲਾਵਾ ਰੱਖਿਆ (ਸਿਵਲ) 'ਚ ਖ਼ਾਲੀ ਅਹੁਦਿਆਂ ਦੀ ਗਿਣਤੀ 2.64 ਲੱਖ, ਗ੍ਰਹਿ 'ਚ 1.43 ਲੱਖ, ਡਾਕ 'ਚ 90,050 ਅਹੁਦੇ ਅਤੇ ਮਾਲੀਆ 'ਚ 80,243 ਅਹੁਦੇ ਖ਼ਾਲੀ ਹਨ।