ਦਿੱਲੀ ''ਚ ਟੁੱਟੇ ਪਿਛਲੇ ਸਾਰੇ ਰਿਕਾਰਡ, ਇੱਕ ਦਿਨ ''ਚ ਸਾਹਮਣੇ ਆਏ 6000 ਤੋਂ ਜ਼ਿਆਦਾ ਨਵੇਂ ਕੋਰੋਨਾ ਕੇਸ
Tuesday, Nov 03, 2020 - 09:32 PM (IST)
ਨਵੀਂ ਦਿੱਲੀ - ਭਾਰਤ 'ਚ ਕੋਰੋਨਾ ਵਾਇਰਸ ਦੀ ਰਫ਼ਤਾਰ ਹੌਲੀ ਜ਼ਰੂਰ ਹੋਈ ਹੈ ਪਰ ਤਿਉਹਾਰਾਂ ਦੇ ਸੀਜਨ ਅਤੇ ਠੰਡ ਦੇ ਚੱਲਦੇ ਮਾਹਰਾਂ ਨੇ ਕੋਵਿਡ-19 ਮਾਮਲਿਆਂ 'ਚ ਮੁੜ ਤੇਜ਼ੀ ਆਉਣ ਦੀ ਸੰਭਾਵਨਾ ਜਤਾਈ ਹੈ। ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕੋਰੋਨਾ ਦੇ ਨਵੇਂ ਮਾਮਲੇ ਮੁੜ ਵੱਧ ਰਹੇ ਹਨ। ਦਿੱਲੀ 'ਚ ਮੰਗਲਵਾਰ ਸ਼ਾਮ ਤੱਕ ਨਵੇਂ ਮਾਮਲਿਆਂ ਦੀ ਗਿਣਤੀ 6 ਹਜ਼ਾਰ ਦੇ ਪਾਰ ਪਹੁੰਚ ਗਈ। ਦਿੱਲੀ ਸਰਕਾਰ ਵੱਲੋਂ ਸਾਂਝੇ ਕੀਤੇ ਗਏ ਡਾਟਾ ਦੇ ਅਨੁਸਾਰ ਮੰਗਲਵਾਰ ਨੂੰ ਦਿੱਲੀ 'ਚ 6725 ਨਵੇਂ ਮਾਮਲੇ ਸਾਹਮਣੇ ਆਏ ਜਦੋਂ ਕਿ ਇਸ 'ਚ 48 ਲੋਕਾਂ ਦੀ ਮੌਤ ਹੋਈ ਹੈ।
ਦਿੱਲੀ ਅਤੇ ਕੇਂਦਰੀ ਸਿਹਤ ਮੰਤਰਾਲਾ ਰਾਜਧਾਨੀ 'ਚ ਲਗਾਤਾਰ ਵੱਧਦੇ ਨਵੇਂ ਮਾਮਲਿਆਂ ਨੂੰ ਲੈ ਕੇ ਪ੍ਰੇਸ਼ਾਨ ਹਨ। ਇਸ 'ਚ ਮੰਗਲਵਾਰ ਨੂੰ ਨਵੇਂ ਮਾਮਲਿਆਂ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। 6725 ਨਵੇਂ ਮਾਮਲਿਆਂ ਦੀ ਪੁਸ਼ਟੀ ਤੋਂ ਬਾਅਦ ਦਿੱਲੀ 'ਚ ਕੋਰੋਨਾ ਦੀ ਦੂਜੀ ਲਹਿਰ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਕੇਜਰੀਵਾਲ ਸਰਕਾਰ ਨੇ ਦੱਸਿਆ ਕਿ 3 ਨਵੰਬਰ ਨੂੰ ਦਿੱਲੀ 'ਚ 6725 ਨਵੇਂ ਕੇਸ ਦੇ ਨਾਲ ਹੁਣ ਕੁਲ ਮਾਮਲਿਆਂ ਦੀ ਗਿਣਤੀ ਵਧਕੇ 4,0, 096 ਹੋ ਗਈ ਹੈ। ਇਨ੍ਹਾਂ 'ਚੋਂ 3,60,069 ਮਰੀਜ਼ ਠੀਕ ਹੋ ਚੁੱਕੇ ਹਨ ਜਦੋਂ ਕਿ 36,375 ਸਰਗਰਮ ਹਨ। ਉਥੇ ਹੀ, ਕੋਰੋਨਾ ਵਾਇਰਸ ਨਾਲ ਹੁਣ ਤੱਕ ਦਿੱਲੀ 'ਚ 6,652 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਭਾਰਤ ਦੀ ਗੱਲ ਕਰੀਏ ਤਾਂ ਰੋਜ਼ਾਨਾ ਮਾਮਲਿਆਂ 'ਚ ਗਿਰਾਵਟ ਤੋਂ ਬਾਅਦ ਸਰਕਾਰ ਦੀ ਚਿੰਤਾ ਥੋੜ੍ਹੀ ਘੱਟ ਜ਼ਰੂਰ ਹੋਈ ਹੈ। ਹਾਲਾਂਕਿ ਅਜੇ ਵੀ ਕੋਰੋਨਾ ਦਾ ਕਹਿਰ ਜਾਰੀ ਹੈ, ਦੇਸ਼ 'ਚ ਕੋਰੋਨਾ ਦੇ ਮਾਮਲੇ 82.67 ਲੱਖ ਦੇ ਪਾਰ ਹੋ ਗਏ ਹਨ, ਬੀਤੇ 24 ਘੰਟੇ 'ਚ 38,310 ਨਵੇਂ ਮਾਮਲੇ ਸਾਹਮਣੇ ਆਏ ਅਤੇ 490 ਮੌਤਾਂ ਹੋਈਆਂ ਹਨ, ਭਾਰਤ 'ਚ ਹੁਣ ਤੱਕ ਕੋਰੋਨਾ ਦੇ ਕੁਲ 82,67,623 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ 'ਚ 5,41,405 ਸਰਗਰਮ ਮਾਮਲੇ ਹਨ ਜਦੋਂ ਕਿ 76,03,121 ਲੋਕ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ।