5 ਦਹਾਕੇ ਤੋਂ ਵੱਧ ਪੁਰਾਣੀ ਗੁਰਬਾਣੀ ਪ੍ਰਿਟਿੰਗ ਪ੍ਰੈੱਸ ਹੋਵੇਗੀ ਸ਼ਿਫਟ
Saturday, Apr 13, 2024 - 12:33 PM (IST)
ਅੰਬਾਲਾ (ਜ.ਬ.)- 52 ਸਾਲਾਂ ਤੋਂ ਕੈਂਟ ਦੇ ਸ਼ਾਹਪੁਰ ਮੋਹੜਾ ਸਥਿਤ ਗੁਰਬਾਣੀ ਪ੍ਰਿਟਿੰਗ ਪ੍ਰੈੱਸ ਹੁਣ ਸ਼ਿਫਟ ਹੋਣ ਜਾ ਰਹੀ ਹੈ। 1972 ਵਿਚ ਗੋਬਿੰਦ ਨਗਰ ਨਿਵਾਸੀ ਸਵ. ਇੰਦਰ ਸਿੰਘ ਗੁਲਾਟੀ ਨੇ ਧਰਮ ਪ੍ਰਚਾਰ ਲਈ ਇਸ ਪ੍ਰਿਟਿੰਗ ਪ੍ਰੈੱਸ ਨੂੰ ਬਣਵਾਇਆ ਸੀ। ਗੁਰੂਘਰ ਨਾਲ ਜੁੜੇ ਹੋਣ ਕਾਰਨ ਇਹ ਗੁਰੂ ਦੀ ਸਿੱਖਿਆ ਦੇ ਪ੍ਰਚਾਰ ਤੇ ਕੀਰਤਨ ਵਿਚ ਲੱਗੇ ਰਹਿੰਦੇ ਸਨ। ਨਾ ਸਿਰਫ ਖੁਦ ਸਗੋਂ ਸੰਗੀ ਸਾਥੀਆਂ ਨੂੰ ਵੀ ਕੀਰਤਨ ਵਿਚ ਜੋੜਦੇ ਸਨ। ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਤਲਵਿੰਦਰ ਸਿੰਘ (ਟੀ. ਪੀ. ਸਿੰਘ) ਨੇ ਦੱਸਿਆ ਕਿ ਅੰਮ੍ਰਿਤ ਛੱਕਣ ਤੋਂ ਬਾਅਦ ਇੰਦਰ ਸੈਨ ਗੁਲਾਟੀ ਨੇ ਆਪਣਾ ਨਾਂ ਇੰਦਰ ਸਿੰਘ ਗੁਲਾਟੀ ਕਰ ਲਿਆ ਸੀ। 1972 ਵਿਚ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਭਵਨ, ਜਿਸ ਵਿਚ ਗੁਰਬਾਣੀ ਪ੍ਰਿਟਿੰਗ ਪ੍ਰੈੱਸ, ਗੁਰਦੁਆਰਾ, ਰੈਸਟ ਹਾਊਸ ਤੇ ਰਹਿਣ ਲਈ ਕਮਰਿਆਂ ਦੀ ਉਸਾਰੀ ਕਰਵਾਈ ਸੀ। ਜਿਥੇ ਧਾਰਮਿਕ ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਕਿਤਾਬਾਂ, ਗੁਟਕੇ ਅਤੇ ਪੋਥੀਆਂ ਦੀ ਛਪਾਈ ਹੋਇਆ ਕਰਦੀ ਸੀ।
ਪੂਰੇ ਪੰਜਾਬ ਤੇ ਹਰਿਆਣਾ ਵਿਚ ਇਥੋਂ ਧਾਰਮਿਕ ਗ੍ਰੰਥ ਜਾਇਆ ਕਰਦੇ ਸਨ, ਪਰ 2 ਸਾਲ ਬਾਅਦ 1974 ਵਿਚ ਉਨ੍ਹਾਂ ਨੇ ਪ੍ਰਿਟਿੰਗ ਪ੍ਰੈੱਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ ਦਾਨ ਕਰ ਦਿੱਤੀ ਸੀ। ਉਸ ਤੋਂ ਬਾਅਦ ਕਈ ਸਾਲ ਤੱਕ ਇਥੇ ਗੁਟਕੇ, ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਪੋਥੀਆਂ, ਕਿਤਾਬਾਂ ਆਦਿ ਦੀ ਛਪਾਈ ਹੁੰਦੀ ਰਹੀ। ਸੰਨ 2000 ਤੋਂ ਪਹਿਲਾਂ ਇਥੇ ਗ੍ਰੰਥਾਂ ਅਤੇ ਪੋਥੀਆਂ ਦੀ ਛਪਾਈ ਦਾ ਕੰਮ ਬੰਦ ਹੋ ਗਿਆ ਸੀ ਅਤੇ ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਆ ਕੇ ਰੱਖੇ ਜਾਂਦੇ ਜੋ ਹਰਿਆਣਾ ਗੁਰਦੁਆਰਿਆਂ ਤੇ ਸੰਗਤ ਦੀ ਮੰਗ ਮੁਤਾਬਕ ਭੇਜ ਦਿੰਦੇ ਜਾਂਦੇ ਸਨ। ਇਥੇ ਹੁਣ ਸਿਰਫ਼ ਲੈਟਰਪੈਡ, ਬਿੱਲ, ਬਾਊਚਰ ਆਦਿ ਦੀ ਛਪਾਈ ਹੁੰਦੀ ਹੈ। ਮੈਂਬਰ ਤਲਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਇਥੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਕਾਰ ਸੇਵਾ ਵਾਲੇ ਬਾਬਾ ਗੁਰਮੀਤ ਸਿੰਘ ਸ਼ਾਹਾਬਾਦ ਤੇ ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲਿਆਂ ਵੱਲੋਂ ਗੁਰਦੁਆਰੇ ਦਾ ਨਵਾਂ ਹਾਲ ਬਣਾਉਣ ਦੀ ਸੇਵਾ ਸੰਗਤ ਦੇ ਸਹਿਯੋਗ ਚਲ ਰਹੀ ਹੈ। ਦੋ ਮੰਜ਼ਿਲਾ ਇਮਾਰਤ ਵਿਚ ਹੇਠਾਂ ਪ੍ਰਿਟਿੰਗ ਪ੍ਰੈੱਸ ਅਤੇ ਉਪਰਲੇ ਹਾਲ ਵਿਚ ਗੁਰਦੁਆਰਾ ਸਾਹਿਬ ਹੋਵੇਗਾ। ਇਹ ਸੇਵਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e