2050 ਤੱਕ ਪਾਰਕਿੰਸਨ ਬੀਮਾਰੀ ਦੀ ਲਪੇਟ ’ਚ ਆ ਸਕਦੇ ਹਨ 2.50 ਕਰੋੜ ਤੋਂ ਵੱਧ ਲੋਕ
Thursday, Mar 06, 2025 - 11:35 PM (IST)

ਨਵੀਂ ਦਿੱਲੀ, (ਭਾਸ਼ਾ)- ਪਾਰਕਿੰਸਨ ਬੀਮਾਰੀ ਸਾਲ 2050 ਤੱਕ ਪੂਰੀ ਦੁਨੀਆ ’ਚ 2.50 ਕਰੋੜ ਤੋਂ ਵੱਧ ਲੋਕਾਂ ਨੂੰ ਆਪਣੀ ਲਪੇਟ ’ਚ ਲੈ ਸਕਦੀ ਹੈ। ਚੀਨ ਸਥਿਤ ਕੈਪੀਟਲ ਮੈਡੀਕਲ ਯੂਨੀਵਰਸਿਟੀ ਸਮੇਤ ਹੋਰ ਸੰਸਥਾਨਾਂ ਦੇ ਖੋਜਕਾਰਾਂ ਨੇ ਆਪਣੀ ਤਾਜ਼ਾ ਖੋਜ ’ਚ ਇਹ ਅੰਦਾਜ਼ਾ ਪ੍ਰਗਟਾਇਆ ਹੈ।
ਖੋਜਕਾਰਾਂ ਮੁਤਾਬਕ, 2050 ’ਚ ਪਾਰਕਿੰਸਨ ਬੀਮਾਰੀ ਤੋਂ ਪੀੜਤ ਲੋਕਾਂ ਦੀ ਗਿਣਤੀ 2021 ਦੇ ਮੁਕਾਬਲੇ 112 ਫੀਸਦੀ ਜ਼ਿਆਦਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ 2050 ’ਚ ਪੂਰਬੀ ਏਸ਼ੀਆ (1 ਕਰੋੜ ਤੋਂ ਵੱਧ) ਤੋਂ ਬਾਅਦ ਪਾਰਕਿੰਸਨ ਬੀਮਾਰੀ ਦੇ ਸਭ ਤੋਂ ਜ਼ਿਆਦਾ 68 ਲੱਖ ਮਰੀਜ਼ ਦੱਖਣੀ ਏਸ਼ੀਆ ’ਚ ਹੋ ਸਕਦੇ ਹਨ। ਖੋਜਕਾਰਾਂ ਅਨੁਸਾਰ, ਇਹ ਅੰਦਾਜ਼ਾ ‘ਸਿਹਤ ਸਬੰਧੀ ਖੋਜ ਨੂੰ ਉਤਸ਼ਾਹ ਦੇਣ, ਨੀਤੀਗਤ ਫੈਸਲੇ ਲੈਣ ਅਤੇ ਸੋਮਿਆਂ ਦੀ ਬਿਹਤਰ ਵੰਡ ਯਕੀਨੀ ਬਣਾਉਣ ’ਚ ਮਦਦਗਾਰ ਸਾਬਤ ਹੋ ਸਕਦਾ ਹੈ।’
ਪਾਰਕਿੰਸਨ ਨਰਵਸ ਸਿਸਟਮ ਨਾਲ ਜੁੜੀ ਇਕ ਬੀਮਾਰੀ ਹੈ, ਜਿਸ ’ਚ ਮਰੀਜ਼ ਦੀਆਂ ਸਰੀਰਕ ਸਰਗਰਮੀਆਂ ਹੌਲੀ-ਹੌਲੀ ਘਟਣ ਲੱਗਦੀਆਂ ਹਨ ਅਤੇ ਸੰਤੁਲਨ ਲਗਾਤਾਰ ਵਿਗੜਦਾ ਜਾਂਦਾ ਹੈ। ਇਸ ਬੀਮਾਰੀ ’ਚ ਮਰੀਜ਼ ਦੀ ਆਵਾਜ਼, ਯਾਦਦਾਸ਼ਤ ਅਤੇ ਵਿਵਹਾਰ ਵੀ ਪ੍ਰਭਾਵਿਤ ਹੋ ਸਕਦਾ ਹੈ। ਪਾਰਕਿੰਸਨ ਬੀਮਾਰੀ ਦੇ ਲੱਛਣਾਂ ’ਚ ਸਰੀਰ ਦੇ ਕੁਝ ਹਿੱਸਿਆਂ ’ਚ ਕੰਪਨ ਅਤੇ ਮਾਸਪੇਸ਼ੀਆਂ ’ਚ ਅਕੜਾਅ ਮਹਿਸੂਸ ਹੋਣਾ ਸ਼ਾਮਲ ਹੈ।