ਦੁਨੀਆ ’ਚ ਅਜਿਹੇ ਕੁਝ ਹੀ ਸਬੰਧ ਹਨ, ਜੋ ਭਾਰਤ-ਅਮਰੀਕਾ ਦੇ ਰਿਸ਼ਤੇ ਤੋਂ ਵੱਧ ਅਹਿਮ: ਬਲਿੰਕਨ

07/29/2021 2:26:35 PM

ਨਵੀਂ ਦਿੱਲੀ (ਭਾਸ਼ਾ)— ਭਾਰਤ ਅਤੇ ਅਮਰੀਕਾ ਵਿਚਾਲੇ ਵੱਧ ਰਹੇ ਦੁਵੱਲੇ ਸਬੰਧਾਂ ਨੂੰ ਲੈ ਕੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅਫ਼ਗਾਨਿਸਤਾਨ ਦੀ ਸਥਿਤੀ, ਹਿੰਦ-ਪ੍ਰਸ਼ਾਂਤ (ਇੰਡੋ-ਪੈਸੀਫਿਕ) ਖੇਤਰ ’ਚ ਭਾਈਵਾਲੀ, ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਅਤੇ ਖੇਤਰੀ ਸੁਰੱਖਿਆ ਮਜ਼ਬੂਤ ਕਰਨ ਦੇ ਤੌਰ-ਤਰੀਕਿਆਂ ’ਤੇ ਗੱਲਬਾਤ ਕੀਤੀ। ਸੰਯੁਕਤ ਮੀਡੀਆ ਬ੍ਰੀਫਿੰਗ ’ਚ ਬਲਿੰਕਨ ਨੇ ਕਿਹਾ ਕਿ ਦੁਨੀਆ ’ਚ ਕੁਝ ਹੀ ਅਜਿਹੇ ਸਬੰਧ ਹਨ, ਜੋ ਭਾਰਤ-ਅਮਰੀਕਾ ਵਿਚਾਲੇ ਰਿਸ਼ਤੇ ਤੋਂ ਵੱਧ ਅਹਿਮ ਹਨ। 

ਬਲਿੰਕਨ ਨੇ ਇਸ ਦੇ ਨਾਲ ਹੀ ਕਿਹਾ ਕਿ ਦੁਨੀਆ ਦੇ ਪ੍ਰਮੁੱਖ ਲੋਕਤੰਤਰੀ ਰਾਜ ਹੋਣ ਦੇ ਨਾਅਤੇ ਅਸੀਂ ਆਪਣੇ ਸਾਰੇ ਲੋਕਾਂ ਨੂੰ ਆਜ਼ਾਦੀ, ਬਰਾਬਰੀ ਅਤੇ ਮੌਕਿਆਂ ਨੂੰ ਲੈ ਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਕਦਮ ਹੀ 21ਵੀਂ ਸਦੀ ਅਤੇ ਉਸ ਤੋਂ ਬਾਅਦ ਦੇ ਦੌਰ ਦਾ ਰੂਪ ਤੈਅ ਕਰਨਗੇ ਅਤੇ ਇਹ ਵਜ੍ਹਾ ਹੈ ਕਿ ਭਾਰਤ ਨਾਲ ਸਾਂਝੇਦਾਰੀ ਮਜ਼ਬੂਤ ਕਰਨਾ ਅਮਰੀਕੀ ਵਿਦੇਸ਼ ਨੀਤੀ ਦੀ ਪਹਿਲੀਆਂ ਤਰਜੀਹਾਂ ਵਿਚੋਂ ਇਕ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਾਂਤਮਈ ਹੱਲ ਲਈ ਤਾਲਿਬਾਨ ਅਤੇ ਅਫ਼ਗਾਨਿਸਤਾਨ ਸਰਕਾਰ ਨੂੰ ਗੱਲਬਾਤ ਦੀ ਮੇਜ਼ ’ਤੇ ਆਉਣ ਦੀ ਲੋੜ ਹੈ। 

ਓਧਰ ਜੈਸ਼ੰਕਰ ਨੇ ਕਿਹਾ ਕਿ ਸੰਵਾਦ ਅਜਿਹੇ ਮਹੱਤਵਪੂਰਨ ਪੜਾਅ ’ਤੇ ਹੋਇਆ ਹੈ, ਜਦੋਂ ਮਹੱਤਵਪੂਰਨ ਵਿਸ਼ਵ ਵਿਆਪੀ ਅਤੇ ਖੇਤਰੀ ਚੁਣੌਤੀਆਂ ਦੇ ਪ੍ਰਭਾਵੀ ਹੱਲ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਾਡੀ ਦੁਵੱਲੇ ਭਾਈਵਾਲੀ ਇਸ ਹੱਦ ਤੱਕ ਵੱਧ ਗਈ ਹੈ ਕਿ ਇਹ ਸਾਨੂੰ ਵੱਡੇ ਮੁੱਦਿਆਂ ਨਾਲ ਮਿਲ ਕੇ ਨਜਿੱਠਣ ’ਚ ਸਮਰੱਥ ਬਣਾਉਂਦੀ ਹੈ। ਜੈਸ਼ੰਕਰ ਨੇ ਕਿਹਾ ਕਿ ਸਾਡੀ ਨਜ਼ਰ ਅਫ਼ਗਾਨਿਸਤਾਨ, ਇੰਡੋ-ਪੈਸੀਫਿਕ ਅਤੇ ਖਾੜੀ ਖੇਤਰ ’ਤੇ ਹੈ। 


Tanu

Content Editor

Related News