ਮਾਨਸੂਨ ਪੁੱਜਾ ਬੰਗਾਲ ਦੀ ਖਾੜੀ , ਹਿਮਾਚਲ ’ਚ ਮੀਂਹ, ਪੰਜਾਬ ''ਚ ਤੇਜ਼ ਹਵਾਵਾਂ ਨੇ ਗਰਮੀ ਤੋਂ ਰਾਹਤ ਦੁਆਈ
Tuesday, May 17, 2022 - 10:17 AM (IST)
ਨਵੀਂ ਦਿੱਲੀ/ਸ਼ਿਮਲਾ– ਪੂਰੇ ਦੇਸ਼ ’ਚ ਜਾਰੀ ਗਰਮੀ ਦੀ ਲਹਿਰ ਦਰਮਿਆਨ ਮਾਨਸੂਨ ਨੇ ਬੰਗਾਲ ਦੀ ਖਾੜੀ ਵਿੱਚ ਦਸਤਕ ਦੇ ਦਿੱਤੀ ਹੈ। ਇਸ ਦਾ ਅਸਰ ਅੰਡੇਮਾਨ ਨਿਕੋਬਾਰ ਅਤੇ ਪੱਛਮੀ ਬੰਗਾਲ ਵਿੱਚ ਦੇਖਣ ਨੂੰ ਮਿਲਿਆ। ਇੱਥੇ ਤੇਜ਼ ਮੀਂਹ ਪਿਆ। ਮੌਸਮ ਵਿਭਾਗ ਨੇ ਮਾਨਸੂਨ ਦੇ ਜਲਦੀ ਹੀ ਕੇਰਲ ਪਹੁੰਚਣ ਦੀ ਉਮੀਦ ਜਤਾਈ ਹੈ। ਹਿਮਾਚਲ ਦੇ ਕਈ ਇਲਾਕਿਆਂ ’ਚ ਸੋਮਵਾਰ ਮੀਂਹ ਪਿਆ ਤੇ ਗੜੇਮਾਰ ਹੋਈ। ਤੂਫਾਨ ਕਾਰਨ ਪਾਲਮਪੁਰ ’ਚ ਇੱਕ ਦਰੱਖਤ ਦੇ ਡਿੱਗਣ ਨਾਲ ਇੱਕ ਔਰਤ ਦੀ ਮੌਤ ਹੋ ਗਈ। ਦੂਜੇ ਪਾਸੇ ਪੰਜਾਬ ਵਿੱਚ ਚੱਲੀਆਂ ਤੇਜ਼ ਹਵਾਵਾਂ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦੁਆਈ ਹੈ।
ਰਾਜਧਾਨੀ ਦਿੱਲੀ ’ਚ ਐਤਵਾਰ ਭਿਆਨਕ ਗਰਮੀ ਦੌਰਾਨ ਕਈ ਇਲਾਕਿਆਂ ’ਚ ਤਾਪਮਾਨ 49.2 ਡਿਗਰੀ ਦਰਜ ਕੀਤਾ ਗਿਆ। ਇਹ ਦੇਸ਼ ਦੇ ਕਿਸੇ ਵੀ ਸ਼ਹਿਰ ਦੇ ਮੁਕਾਬਲੇ ਇਸ ਸਾਲ ਦਾ ਸਭ ਤੋਂ ਵੱਧ ਤਾਪਮਾਨ ਹੈ। ਬਾਂਦਾ ਵਿੱਚ ਐਤਵਾਰ ਨੂੰ ਤਾਪਮਾਨ 49 ਡਿਗਰੀ ਦਰਜ ਕੀਤਾ ਗਿਆ ਸੀ।
ਸੋਮਵਾਰ ਸਵੇਰੇ ਦਿੱਲੀ ਵਿੱਚ ਮੌਸਮ ਨੇ ਆਪਣਾ ਰੁਖ ਬਦਲ ਲਿਆ। ਰਾਜਧਾਨੀ ਵਿੱਚ ਸੋਮਵਾਰ ਰਾਤ ਤੱਕ ਬੱਦਲ ਛਾਏ ਹੋਏ ਸਨ। ਆਈ. ਐੱਮ. ਡੀ ਨੇ ਕਿਹਾ ਹੈ ਕਿ ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਦੱਖਣ-ਪੱਛਮੀ ਹਵਾਵਾਂ ਦੇ ਮਜ਼ਬੂਤ ਹੋਣ ਕਾਰਨ ਮੀਂਹ ਪੈ ਰਿਹਾ ਹੈ।