ਮੋਹਨ ਭਾਗਵਤ ਦੀ ਕਈ ਮੁੱਦਿਆਂ ’ਤੇ ਸਰਕਾਰ ਨੂੰ ਨਸੀਹਤ, ਸੰਘ ਤੇ ਭਾਜਪਾ ਦੇ ਰਿਸ਼ਤਿਆਂ ’ਤੇ ਉੱਠਣ ਲੱਗੇ ਸਵਾਲ

06/12/2024 9:33:25 AM

ਨੈਸ਼ਨਲ ਡੈਸਕ- ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਮੁਖੀ ਮੋਹਨ ਭਾਗਵਤ ਨੇ ਸੰਘ ਦੇ ਵਰਕਰ ਵਿਕਾਸ ਗਰਗ ਦੇ ਦੂਜੇ ਸਾਲ ਦੀ ਸਮਾਪਤੀ ਸਮਾਰੋਹ ਵਿਚ ਅਜਿਹੀਆਂ ਗੱਲਾਂ ਦਾ ਖੁਲਾਸਾ ਕੀਤਾ ਹੈ, ਜਿਸ ਨਾਲ ਭਾਜਪਾ ਅਤੇ ਸੰਘ ਵਿਚਾਲੇ ਤਾਲਮੇਲ ਨੂੰ ਲੈ ਕੇ ਇਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। ਭਾਗਵਤ ਨੇ ਬਿਨਾਂ ਨਾਂ ਲਏ ਮਣੀਪੁਰ ਹਿੰਸਾ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ ਹੈ ਅਤੇ ਕਿਹਾ ਹੈ ਕਿ ਮਣੀਪੁਰ ਪਿਛਲੇ ਇਕ ਸਾਲ ਤੋਂ ਸ਼ਾਂਤੀ ਦੀ ਰਾਹ ਦੇਖ ਰਿਹਾ ਹੈ। ਪਹਿਲ ਦੇ ਆਧਾਰ ’ਤੇ ਇਸ ਬਾਰੇ ਵਿਚਾਰ ਕਰਨਾ ਹੋਵੇਗਾ। ਉਹ ਇਥੇ ਹੀ ਨਹੀਂ ਰੁਕੇ ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਨੂੰ ਜੰਗ ਵਾਂਗ ਲੜਿਆ ਗਿਆ। ਭਾਗਵਤ ਨੇ ਕਿਹਾ ਕਿ ਜਿਸ ਤਰ੍ਹਾਂ ਇਨ੍ਹਾਂ ਨਾਲ ਚੋਣਾਂ ਵਿਚ ਹੋਇਆ ਹੈ, ਉਸ ਨਾਲ ਵੰਡ ਹੋਵੇਗੀ, ਸਮਾਜਿਕ ਅਤੇ ਮਾਨਸਿਕ ਦਰਾਰਾਂ ਵਧਣਗੀਆਂ। ਸੰਘ ਮੁਖੀ ਨੇ ਕਿਹਾ ਕਿ ਸਾਰੇ ਧਰਮਾਂ ਦਾ ਸਨਮਾਨ ਕਰਨਾ ਹੋਵੇਗਾ।

ਸਾਰਿਆਂ ਦੀ ਪੂਜਾ ਦਾ ਸਨਮਾਨ ਕਰਨਾ ਹੈ, ਇਹ ਮੰਨ ਕੇ ਚੱਲਣਾ ਹੈ ਕਿ ਸਾਡੇ ਧਰਮ ਵਾਂਗ ਉਨ੍ਹਾਂ ਧਰਮ ਵੀ ਸੱਚਾ ਹੈ। ਭਾਗਵਤ ਨੇ ਇਨ੍ਹਾਂ ਸਾਰੇ ਖੁਲਾਸਿਆਂ ਤੋਂ ਬਾਅਦ ਮਾਮਲਿਆਂ ਨਾਲ ਜੁੜੇ ਜਾਣਕਾਰਾਂ ਦਾ ਕਹਿਣਾ ਹੈ ਕਿ ਭਾਜਪਾ ਅਤੇ ਸੰਘ ਦੇ ਰਿਸ਼ਤਿਆਂ ਵਿਚ ਕਿਤੇ ਨਾ ਕਿਤੇ ਤਣਾਅ ਨਜ਼ਰ ਆਉਂਦਾ ਹੈ ਅਤੇ ਸੰਘ ਕਈ ਮੁੱਦਿਆਂ ’ਤੇ ਨਾਰਾਜ਼ ਦਿਖਾਈ ਦਿੰਦਾ ਹੈ।

ਕੀ ਮਣੀਪੁਰ ਵਿਚ ਭਾਜਪਾ ਬਦਲੇਗੀ ਲੀਡਰਸ਼ਿਪ

ਭਾਗਵਤ ਨੇ ਕਿਹਾ ਹੈ ਕਿ ਇਸ ਸਾਲ ਤੋਂ ਮਣੀਪੁਰ ਸ਼ਾਂਤੀ ਦੀ ਰਾਹ ਦੇਖ ਰਿਹਾ ਹੈ। ਇਸ ਤੋਂ ਪਹਿਲਾਂ 10 ਸਾਲ ਸ਼ਾਂਤ ਰਿਹਾ। ਇੰਝ ਲੱਗਾ ਕਿ ਪੁਰਾਣਾ ਗੰਨ ਕਲਚਰ ਖਤਮ ਹੋ ਗਿਆ। ਅਚਾਨਕ ਜੋ ਹਿੰਸਾ ਇਥੇ ਹੋਈ ਜਾਂ ਕਰਵਾਈ ਗਈ, ਉਸਦੀ ਅੱਗ ਵਿਚ ਅਜੇ ਤੱਕ ਸੜ ਰਿਹਾ ਹੈ, ਕੁਰਲਾ ਰਿਹਾ ਹੈ। ਇਸ ’ਤੇ ਕੌਣ ਧਿਆਨ ਦੇਵੇਗਾ? ਤਰਜ਼ੀਹ ਦੇ ਕੇ ਉਸ ’ਤੇ ਵਿਚਾਰ ਕਰਨਾ ਜ਼ਿੰਮੇਵਾਰੀ ਹੈ। ਉਨ੍ਹਾਂ ਦੇ ਇਸ ਬਿਆਨ ਦੇ ਕਈ ਮਤਲਬ ਕੱਢੇ ਜਾ ਰਹੇ ਹਨ। ਹੁਣ ਬਦਲੇ ਸਿਆਸੀ ਦ੍ਰਿਸ਼ ਵਿਚ ਭਾਜਪਾ ’ਤੇ ਨਜ਼ਰ ਟਿਕੀ ਹੈ। ਸਵਾਲ ਇਹ ਹੈ ਕਿ ਜੇਕਰ ਸੰਘ ਨਾਰਾਜ਼ ਹੈ ਤਾਂ ਮਣੀਪੁਰ ਵਿਚ ਭਾਜਪਾ ਲੀਡਰਸ਼ਿਪ ਬਦਲੇਗੀ?

ਮਈ 2023 ਤੋਂ ਮਣੀਪੁਰ ਵਿਚ 10 ਸਾਲ ਦੀ ਸ਼ਾਂਤੀ ਮਗਰੋਂ ਹਿੰਸਾ ਸ਼ੁਰੂ ਹੋਈ ਸੀ। ਕੁਕੀ ਅਤੇ ਮੈਤੇਈ ਭਾਈਚਾਰੇ ਵਿਚਾਲੇ ਹਿੰਸਾ ਵਿਚ ਹੁਣ ਤੱਕ 226 ਤੋਂ ਜ਼ਿਆਦਾ ਲੋਕਾਂ ਨੂੰ ਜਾਨ ਗਵਾਉਣੀ ਪਈ। 5 ਹਜ਼ਾਰ ਤੋਂ ਜ਼ਿਆਦਾ ਘਰ ਸਾੜੇ ਗਏ ਅਤੇ 60 ਹਜ਼ਾਰ ਤੋਂ ਜ਼ਿਆਦਾ ਲੋਕ ਬੇਘਰ ਹੋ ਗਏ। ਸੂਬੇ ਵਿਚ 5000 ਘੰਟੇ ਇੰਟਰਨੈੱਟ ਬੰਦ ਰਿਹਾ। ਆਸਾਮ ਦੇ ਕਛਾਰ ਅਤੇ ਮਿਜ਼ੋਰਮ ਵਿਚ ਮਣੀਪੁਰ ਦੇ ਲੋਕਾਂ ਨੇ ਸ਼ਰਨ ਲੈ ਰੱਖੀ ਹੈ। ਇਸ ਹਿੰਸਾ ਵਿਚ ਇਕ ਵਾਰ ਫਿਰ ਕੁਕੀ ਅੱਤਵਾਦ ਨੂੰ ਸਿਰ ਚੁੱਕਣ ਦਾ ਮੌਕਾ ਦਿੱਤਾ ਹੈ। ਪਿਛਲੇ ਸਾਲ ਜੁਲਾਈ ਵਿਚ ਜਦੋਂ ਦੋ ਔਰਤਾਂ ਨੂੰ ਨਗਨ ਕਰ ਕੇ ਘੁਮਾਉਣ ਦਾ ਵੀਡੀਓ ਆਇਆ ਤਾਂ ਪੂਰਾ ਦੇਸ਼ ਹਿੱਲ ਗਿਆ ਸੀ।

ਚੋਣਾਂ ’ਚ ਝੂਠ ਨੂੰ ਲੈ ਕੇ ਪ੍ਰਗਟਾਈ ਨਾਰਾਜ਼ਗੀ

ਭਾਗਵਤ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਸਿਆਸੀ ਪਾਰਟੀਆਂ ਨੂੰ ਨਸੀਹਤ ਦਿੱਤੀ। ਉਨ੍ਹਾਂ ਕਿਹਾ ਕਿ ਦੋ ਧਿਰਾਂ ਹੋਣ ਕਾਰਨ ਮੁਕਾਬਲੇਬਾਜ਼ੀ ਹੁੰਦੀ ਹੈ। ਇਸ ਲਈ ਇਹ ਇਕ ਮੁਕਾਬਲੇਬਾਜ਼ੀ ਹੈ, ਇਸ ਵਿਚ ਖੁਦ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਇਸ ਵਿਚ ਇਕ ਮਾਣ ਹੁੰਦਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਿਚ ਤਕਨੀਕ ਦੀ ਮਦਦ ਨਾਲ ਝੂਠ ਨੂੰ ਪੇਸ਼ ਕੀਤਾ ਗਿਆ, ਝੂਠ ਨੂੰ ਪ੍ਰਚਾਰਿਤ ਕਰਨ ਲਈ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਗਈ। ਅਜਿਹਾ ਦੇਸ਼ ਕਿਵੇਂ ਚੱਲੇਗਾ? ਵਿਰੋਧੀ ਧਿਰ ਨੂੰ ਵਿਰੋਧੀ ਨਹੀਂ ਮੰਨਿਆ ਜਾਣਾ ਚਾਹੀਦਾ ਹੈ ਕਿਉਂਕਿ ਉਹ ਵਿਰੋਧੀ ਧਿਰ ’ਚ ਹਨ ਅਤੇ ਇਕ ਪੱਖ ਨੂੰ ਉਜਾਗਰ ਕਰ ਰਹੇ ਹਨ। ਉਨ੍ਹਾਂ ਦੇ ਵਿਚਾਰ ਵੀ ਸਾਹਮਣੇ ਆਉਣੇ ਚਾਹੀਦੇ ਹਨ। ਇਸ ਵਾਰ ਹਰ ਕਿਸੇ ਦੇ ਮਾਣ ਦਾ ਖਿਆਲ ਨਹੀਂ ਰੱਖਿਆ ਗਿਆ। ਅਜਿਹਾ ਕਰਨਾ ਜ਼ਰੂਰੀ ਹੈ ਕਿਉਂਕਿ ਸਾਡੇ ਦੇਸ਼ ਦੇ ਸਾਹਮਣੇ ਚੁਣੌਤੀਆਂ ਖਤਮ ਨਹੀਂ ਹੋਈਆਂ ਹਨ। ਦੂਜੇ ਪਾਸੇ ਐੱਨ. ਡੀ. ਏ. ਸਰਕਾਰ ਫਿਰ ਤੋਂ ਸੱਤਾ ਵਿਚ ਆ ਗਈ ਹੈ, ਇਹੋ ਸਹੀ ਹੈ ਕਿ ਪਿਛਲੇ 10 ਸਾਲਾਂ ਵਿਚ ਬਹੁਤ ਸਾਰੀਆਂ ਹਾਂ-ਪੱਖੀ ਘਟਨਾਵਾਂ ਵਾਪਰੀਆਂ ਹਨ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਹੁਣ ਅਸੀਂ ਚੁਣੌਤੀਆਂ ਤੋਂ ਮੁਕਤ ਹੋ ਗਏ ਹਾਂ।

ਇਸਲਾਮ ਅਤੇ ਈਸਾਈ ਧਰਮ ਨੂੰ ਲੈ ਕੇ ਵੀ ਨਸੀਹਤ

ਸੰਘ ਦੇ ਮੁਖੀ ਮੋਹਨ ਭਾਗਵਤ ਨੇ ਇਸਲਾਮ ਅਤੇ ਈਸਾਈ ਧਰਮ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸਲਾਮ ਅਤੇ ਈਸਾਈ ਵਰਗੇ ਧਰਮਾਂ ਦੀ ਚੰਗਆਈ ਅਤੇ ਮਨੁੱਖਤਾ ਨੂੰ ਅਪਨਾਇਆ ਜਾਣਾ ਚਾਹੀਦਾ ਹੈ। ਸਾਰੇ ਧਰਮਾਂ ਦੇ ਪੈਰੋਕਾਰਾਂ ਨੂੰ ਇਕ-ਦੂਜੇ ਦੇ ਭੈਣ-ਭਰਾ ਵਜੋਂ ਸਨਮਾਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਮਲਾਵਰ ਭਾਤ ਆਏ ਅਤੇ ਆਪਣੇ ਨਾਲ ਆਪਣੀ ਵਿਚਾਰਧਾਰਾ ਲੈ ਆਏ. ਜਿਸਦੀ ਕੁਝ ਲੋਕਾਂ ਨੇ ਪਾਲਣਾ ਕੀਤੀ, ਪਰ ਇਹ ਚੰਗੀ ਗੱਲ ਹੈ ਕਿ ਦੇਸ਼ ਦੀ ਸੰਸਕ੍ਰਿਤੀ ਇਸ ਵਿਚਾਰਧਾਰਾ ਤੋਂ ਪ੍ਰਭਾਵਿਤ ਨਹੀਂ ਹੋਈ।

ਭਾਗਵਤ ਨੇ ਕਿਹਾ ਕਿ ਸਾਰਿਆਂ ਨੂੰ ਇਹ ਮੰਨਕੇ ਅੱਗੇ ਤੁਰਨਾ ਚਾਹੀਦਾ ਹੈ ਕਿ ਇਹ ਦੇਸ਼ ਸਾਡਾ ਹੈ ਅਤੇ ਇਸ ਜ਼ਮੀਨ ’ਤੇ ਜਨਮ ਲੈਣ ਵਾਲੇ ਸਾਰੇ ਲੋਕ ਸਾਡੇ ਆਪਣੇ ਹਨ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਬੀਤੇ ਸਮੇਂ ਨੂੰ ਭੁੱਲ ਜਾਣਾ ਚਾਹੀਦਾ ਹੈ ਅਤੇ ਸਾਰਿਆਂ ਨੂੰ ਆਪਣਾ ਮੰਨਣਾ ਚਾਹੀਦਾ ਹੈ। ਭਾਗਵਤ ਨੇ ਅੱਗੇ ਕਿਹਾ ਿਕ ਜਾਤੀਵਾਦ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਣਾ ਚਾਹੀਦਾ ਹੈ।


Tanu

Content Editor

Related News