ਦਿੱਲੀ-ਮੁੰਬਈ ਐਕਸਪ੍ਰੈੱਸ-ਵੇਅ ਦੇ ਪਹਿਲੇ ਹਿੱਸੇ ਦਾ PM ਮੋਦੀ ਅੱਜ ਕਰਨਗੇ ਉਦਘਾਟਨ
Sunday, Feb 12, 2023 - 10:54 AM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਦਿੱਲੀ-ਮੁੰਬਈ ਐਕਸਪ੍ਰੈਸਵੇਅ ਦੇ 246 ਕਿਲੋਮੀਟਰ ਲੰਬੇ ਦਿੱਲੀ-ਦੌਸਾ-ਲਾਲਸੋਟ ਸੈਕਸ਼ਨ ਦਾ ਉਦਘਾਟਨ ਕਰਨਗੇ। ਐਕਸਪ੍ਰੈੱਸ ਵੇਅ ਦੇ ਇਸ ਹਿੱਸੇ ਦੇ ਖੁੱਲ੍ਹਣ ਨਾਲ ਰਾਸ਼ਟਰੀ ਰਾਜਧਾਨੀ ਤੋਂ ਜੈਪੁਰ ਤੱਕ ਦਾ ਸਫ਼ਰ ਸਮਾਂ ਪੰਜ ਘੰਟੇ ਤੋਂ ਘਟ ਕੇ ਸਾਢੇ ਤਿੰਨ ਘੰਟੇ ਰਹਿ ਜਾਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਸ਼ਨੀਵਾਰ ਕਿਹਾ ਕਿ 12,150 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਤਿਆਰ ਕੀਤੇ ਗਏ ਦਿੱਲੀ-ਮੁੰਬਈ ਐਕਸਪ੍ਰੈੱਸ-ਵੇਅ ਦਾ ਇਹ ਪਹਿਲਾ ਹਿੱਸਾ ਪੂਰੇ ਖੇਤਰ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗਾ। ਮੋਦੀ ਦੌਸਾ ਤੋਂ 18,100 ਕਰੋੜ ਰੁਪਏ ਦੇ ਸੜਕ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨਗੇ। ਇਸ ਤੋਂ ਬਾਅਦ ਪੀ. ਐੱਮ. ਬੇਂਗਲੁਰੂ ਦੇ ਯੇਲਹੰਕਾ ਦੇ ਏਅਰ ਫੋਰਸ ਸਟੇਸ਼ਨ ’ਤੇ ਏਅਰੋ ਇੰਡੀਆ 2023 ਦੇ 14ਵੇਂ ਸੰਸਕਰਨ ਦਾ ਉਦਘਾਟਨ ਕਰਨ ਲਈ ਸੋਮਵਾਰ ਨੂੰ ਕਰਨਾਟਕ ਦਾ ਦੌਰਾ ਕਰਨਗੇ।
ਪੀ.ਐੱਮ.ਓ. ਨੇ ਕਿਹਾ ਕਿ ਨਵੇਂ ਭਾਰਤ ’ਚ ਵਿਕਾਸ ਅਤੇ ਕਨੈਕਟੀਵਿਟੀ ਦੇ ਇੰਜਣ ਵਜੋਂ ਸ਼ਾਨਦਾਰ ਸੜਕੀ ਬੁਨਿਆਦੀ ਢਾਂਚੇ ਦੇ ਨਿਰਮਾਣ ’ਤੇ ਮੋਦੀ ਦਾ ਜ਼ੋਰ ਦੇਸ਼ ਭਰ ’ਚ ਚੱਲ ਰਹੇ ਕਈ ਵਿਸ਼ਵ ਪੱਧਰੀ ਐਕਸਪ੍ਰੈੱਸ-ਵੇਅ ਦੇ ਨਿਰਮਾਣ ’ਚ ਮਹਿਸੂਸ ਕੀਤਾ ਜਾ ਸਕਦਾ ਹੈ।
1386 ਕਿਲੋਮੀਟਰ ਦੀ ਲੰਬਾਈ ਵਾਲਾ ਦਿੱਲੀ-ਮੁੰਬਈ ਐਕਸਪ੍ਰੈੱਸ-ਵੇਅ ਭਾਰਤ ਦਾ ਸਭ ਤੋਂ ਲੰਬਾ ਐਕਸਪ੍ਰੈੱਸ-ਵੇਅ ਹੋਵੇਗਾ। ਇਸ ਨਾਲ ਦਿੱਲੀ-ਮੁੰਬਈ ਵਿਚਾਲੇ ਸਫਰ ਦੀ ਦੂਰੀ 1424 ਕਿਲੋਮੀਟਰ ਤੋਂ 1242 ਕਿਲੋਮੀਟਰ ਰਹਿ ਜਾਵੇਗੀ। ਇਸ ਨਾਲ ਦੋਵਾਂ ਮਹਾਨਗਰਾਂ ਵਿਚਕਾਰ ਸਫਰ ਦਾ ਸਮਾਂ 50 ਫੀਸਦੀ ਤੱਕ ਘੱਟ ਜਾਵੇਗਾ। ਫਿਲਹਾਲ ਦਿੱਲੀ ਤੋਂ ਮੁੰਬਈ ਦਾ ਸਫ਼ਰ ਕਰਨ ’ਚ 24 ਘੰਟੇ ਲੱਗਦੇ ਹਨ ਪਰ ਇਸ ਐਕਸਪ੍ਰੈੱਸ-ਵੇਅ ਦੇ ਖੁੱਲ੍ਹਣ ਤੋਂ ਬਾਅਦ ਇਸ ਨੂੰ ਪੂਰਾ ਹੋਣ ’ਚ ਕਰੀਬ 12 ਘੰਟੇ ਲੱਗ ਜਾਣਗੇ। ਇਹ ਐਕਸਪ੍ਰੈੱਸ-ਵੇਅ 6 ਸੂਬਿਆਂ ਦਿੱਲੀ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ’ਚੋਂ ਲੰਘੇਗਾ ਅਤੇ ਕੋਟਾ, ਇੰਦੌਰ, ਜੈਪੁਰ, ਭੋਪਾਲ, ਵਡੋਦਰਾ ਅਤੇ ਸੂਰਤ ਵਰਗੇ ਵੱਡੇ ਸ਼ਹਿਰਾਂ ਨੂੰ ਜੋੜੇਗਾ।