ਮੁਸ਼ਕਲ ਸਥਿਤੀ 'ਚ ਜੰਗ ਪ੍ਰਭਾਵਿਤ ਯੂਕ੍ਰੇਨ ਤੋਂ ਨਾਗਰਿਕਾਂ ਨੂੰ ਲਿਆਏ, PM ਮੋਦੀ ਨੇ ਕੱਢਿਆ ਰਸਤਾ : ਜੈਸ਼ੰਕਰ

03/15/2022 4:16:48 PM

ਨਵੀਂ ਦਿੱਲੀ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਕਿਹਾ ਕਿ ਜੰਗ ਪ੍ਰਭਾਵਿਤ ਯੂਕ੍ਰੇਨ ਦੇ ਸੂਮੀ ਸ਼ਹਿਰ ਤੋਂ ਭਾਰਤੀ ਵਿਦਿਆਰਥੀਆਂ ਦੀ ਨਿਕਾਸੀ ਬਿਨਾਂ ਕਿਸੇ 'ਭਰੋਸੇਯੋਗ ਜੰਗਬੰਦੀ' ਦੇ ਸੰਭਵ ਨਹੀਂ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਇਸ ਲਈ ਰੂਸ ਅਤੇ ਯੂਕ੍ਰੇਨ ਦੇ ਰਾਸ਼ਟਰਪਤੀਆਂ ਨਾਲ ਗੱਲ ਕਰ ਕੇ ਰਸਤਾ ਕੱਢਿਆ। ਰਾਜ ਸਭਾ 'ਚ ਯੂਕ੍ਰੇਨ ਦੀ ਸਥਿਤੀ ਅਤੇ ਉਸ ਦਾ ਭਾਰਤ 'ਤੇ ਪ੍ਰਭਾਵ ਇਕ ਬਿਆਨ ਦਿੰਦੇ ਹੋਏ ਜੈਸ਼ੰਕਰ ਨੇ ਇਹ ਵੀ ਕਿਹਾ ਕਿ ਜੰਗ ਪ੍ਰਭਾਵਿਤ ਯੂਕ੍ਰੇਨ ਤੋਂ ਭਾਰਤੀਆਂ ਨੂੰ ਸੁਰੱਖਿਅਤ ਕੱਢੇ ਜਾਣ ਲਈ ਚਲਾਇਆ ਗਿਆ 'ਆਪਰੇਸ਼ਨ ਗੰਗਾ' ਹੁਣ ਤੱਕ ਚਲਾਈਆਂ ਗਈਆਂ ਚੁਣੌਤੀਪੂਰਨ ਨਿਕਾਸੀ ਮੁਹਿੰਮਾਂ 'ਚੋਂ ਇਕ ਸੀ। ਉਨ੍ਹਾਂ ਕਿਹਾ,''ਸੂਮੀ 'ਚ ਕ੍ਰੇਡਿਬਲ ਜੰਗਬੰਦੀ' ਦੀ ਜ਼ਰੂਰਤ ਸੀ। ਪ੍ਰਧਾਨ ਮੰਤਰੀ ਨੇ ਖ਼ੁਦ ਦਖਲਅੰਦਾਜ਼ੀ ਕਰਦੇ ਹੋਏ ਦੋਹਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਨਾਲ ਗੱਲਬਾਤ ਕੀਤੀ।''

ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਜੰਗ ਪ੍ਰਭਾਵਿਤ ਦੇਸ਼ 'ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਅਤੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੇਲੇਂਸਕੀ ਨਾਲ 2-3 ਮੌਕਿਆਂ 'ਤੇ ਗੱਲਬਾਤ ਕੀਤੀ ਸੀ। ਸੂਮੀ 'ਚ ਫਸੇ ਲੋਕਾਂ ਦੀ ਨਿਕਾਸੀ ਲਈ ਦੋਹਾਂ ਦੇਸ਼ਾਂ ਵਲੋਂ 'ਸੁਰੱਖਿਅਤ ਗਲਿਆਰਾ' ਬਣਾਇਆ ਗਿਆ ਸੀ। ਜੈਸ਼ੰਕਰ ਨੇ ਕਿਹਾ ਕਿ 'ਗੰਭੀਰ ਚੁਣੌਤੀਆਂ' ਦੇ ਬਾਵਜੂਦ ਭਾਰਤ ਆਪਣੇ 22,500 ਨਾਗਰਿਕਾਂ ਨੂੰ ਸੁਰੱਖਿਅਤ ਲਿਆਉਣ 'ਚ ਸਫ਼ਲ ਰਿਹਾ। ਉਨ੍ਹਾਂ ਦੱਸਿਆ ਕਿ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵਧਣ ਤੋਂ ਬਾਅਦ ਭਾਰਤ ਨੇ ਯੂਕ੍ਰੇਨ 'ਚ ਰਹਿ ਰਹੇ ਭਾਰਤੀਆਂ ਲਈ ਰਜਿਸਟਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ, 15 ਫਰਵਰੀ ਨੂੰ ਪਹਿਲੀ ਐਡਵਾਇਜ਼ਰੀ ਜਾਰੀ ਕੀਤੀ ਅਤੇ ਇਸ ਤੋਂ ਬਾਅਦ 2 ਹੋਰ ਐਡਵਾਇਜ਼ਰੀ ਜਾਰੀ ਕੀਤੀਆਂ ਗਈਆਂ।


DIsha

Content Editor

Related News