ਮੋਦੀ ਪਾਵਰ : ਆਸੀਆਨ ਦੇਸ਼ਾਂ ਦੀਆਂ 27 ਅਖਬਾਰਾਂ ਨੇ ਛਾਪਿਆ ਪੀ. ਐੱਮ. ਦਾ ਲੇਖ
Saturday, Jan 27, 2018 - 12:23 AM (IST)
ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ 'ਚ ਭਾਰਤੀ ਅਤੇ ਆਸੀਆਨ ਮਜ਼ਬੂਤ ਸਬੰਧ ਰੱਖਦੇ ਹਨ, ਜਿਹੜੇ ਕਿ ਭਾਰਤ ਦੇ ਭਵਿੱਖ ਅਤੇ ਸਾਡੇ ਸਾਂਝੀ ਕਿਸਮਤ ਲਈ ਲਾਜ਼ਮੀ ਹੈ। ਪ੍ਰਧਾਨ ਮੰਤਰੀ ਨੇ 10 ਆਸੀਆਨ ਦੇਸ਼ਾਂ ਦੇ 27 ਵੱਖ-ਵੱਖ ਅਖਬਾਰਾਂ 'ਚ ਪ੍ਰਕਾਸ਼ਿਤ ਇਕ ਲੇਖ 'ਚ ਇਹ ਗੱਲ ਕਹੀ ਹੈ।
ਇਸ ਲੇਖ ਦਾ ਆਸੀਆਨ ਦੇ 10 ਦੇਸ਼ਾਂ 'ਚ 10 ਭਾਸ਼ਾਵਾਂ 'ਚ ਟ੍ਰਾਂਸਲੇਟ ਕੀਤਾ ਗਿਆ ਹੈ। ਇਨ੍ਹਾਂ 10 ਆਸੀਆਨ ਦੇਸ਼ਾਂ ਦੇ ਰਾਸ਼ਟਰਪਤੀ ਪ੍ਰਮੁੱਖ ਭਾਰਤ ਦੇ 69ਵੇਂ ਗਣਤੰਤਰ ਦਿਵਸ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਸ਼ੁੱਕਰਵਾਰ ਨੂੰ ਇਥੇ ਸ਼ਾਮਲ ਹੋਏ। ਆਸੀਆਨ ਦੇਸ਼ਾਂ ਦੇ ਨੇਤਾ ਇਥੇ ਭਾਰਤ-ਆਸੀਆਨ ਹਿੱਸੇਦਾਰੀ ਦੇ 25 ਸਾਲ ਪੂਰੇ ਹੋਣ ਦੇ ਮੌਕੇ 'ਤੇ ਭਾਰਤ ਦੇ ਸੱਦੇ 'ਤੇ ਆਏ ਹੋਏ ਹਨ।
ਮੋਦੀ ਨੇ ਆਪਣੇ ਲੇਖ 'ਚ ਕਿਹਾ ਹੈ ਕਿ ਭਾਰਤ ਅਤੇ ਆਸੀਆਨ ਦੇਸ਼ਾਂ ਕੋਲ 'ਬੁਨਿਆਦੀ ਢਾਂਚਾ ਅਤੇ ਸ਼ਹਿਰੀਕਰਨ ਤੋਂ ਲੈ ਕੇ ਲਚੀਲੀ ਖੇਤੀਬਾੜੀ ਵਿਵਸਥਾ ਜਿਹੇ ਸਾਡੇ ਸਮੇਂ ਦੀਆਂ ਚੁਣੌਤੀਆਂ ਨਾਲ ਨਜਿੱਠਣ ਅਤੇ ਉੱਚੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਸਮਰਥਾ ਮੌਜੂਦ ਹੈ।
ਮੋਦੀ ਨੇ ਕਿਹਾ, 'ਭਾਰਤ ਨੇ ਹਮੇਸ਼ਾ ਉਗਦੇ ਸੂਰਜ ਅਤੇ ਪ੍ਰਕਾਸ਼ ਦੇ ਮੌਕਿਆਂ ਲਈ ਪੂਰਬ ਵੱਲ ਦੇਖਿਆ ਹੈ। ਹੁਣ ਪਹਿਲਾਂ ਦੀ ਤਰ੍ਹਾਂ ਹੀ ਪੂਰਬ ਜਾਂ ਹਿੰਦ-ਪ੍ਰਸ਼ਾਂਤ ਖੇਤਰ ਭਾਰਤ ਦੇ ਭਵਿੱਖ ਅਤੇ ਸਾਂਝੀ ਕਿਸਮਤ ਲਈ ਲਾਜ਼ਮੀ ਹੈ। ਉਨ੍ਹਾਂ ਨੇ ਕਿਹਾ, ਆਸੀਆਨ-ਭਾਰਤ ਦੀ ਸਾਂਝੇਦਾਰੀ ਦੋਹਾਂ ਖੇਤਰਾਂ 'ਚ ਮਹੱਤਵਪੂਰਣ ਭੂਮਿਕਾ ਨਿਭਾਵੇਗੀ। ਦਿੱਲੀ 'ਚ ਆਸੀਆਨ ਅਤੇ ਭਾਰਤ ਨੇ ਫਿਰ ਤੋਂ ਅੱਗੇ ਦੀ ਯਾਤਰਾ ਲਈ ਸ਼ਪਥ ਲਈ ਹੈ।
ਮੋਦੀ ਨੇ ਕਿਹਾ ਕਿ ਨਵੀਂ ਦਿੱਲੀ 'ਚ ਗਣਤੰਤਰ ਦਿਵਸ ਪ੍ਰੋਗਰਾਮ 'ਚ 10 ਆਸੀਆਨ ਦੇਸ਼ਾਂ ਦੇ ਨੇਤਾਵਾਂ ਦੀ ਮੇਜ਼ਬਾਨੀ ਸਿਰਫ 'ਕੋਈ ਆਮ ਪ੍ਰੋਗਰਾਮ ਨਹੀਂ ਹੈ' ਬਲਿਕ ਭਾਰਤ ਅਤੇ ਆਸੀਆਨ ਦੇਸ਼ਾਂ ਨੂੰ ਕਰੀਬ ਲਿਆਉਣ ਲਈ ਇਨ੍ਹਾਂ ਦੇਸ਼ਾਂ ਦੇ 190 ਕਰੋੜ ਲੋਕਾਂ ਵਿਚਾਲੇ ਮਜ਼ਬੂਤ ਸਾਂਝੇਦਾਰੀ ਲਈ ਮਹਾਨ ਵਾਅਦਾ ਹੈ।
ਉਨ੍ਹਾਂ ਨੇ ਕਿਹਾ ਕਿ ਭਾਰਤ ਆਪਣੇ 10 ਪੂਰਬੀ ਗੁਆਂਢੀ ਦੇਸ਼ਾਂ ਦੇ ਨਾਲ ਇਕ ਦ੍ਰਿਸ਼ਟੀਕੋਣ ਸਾਂਝਾ ਕਰਦਾ ਹੈ, ਜਿਹੜਾ ਇਕਜੁੱਟਤਾ ਦੀ ਵਚਨਬੱਧਤਾ 'ਤੇ ਵਿਕਸਤ ਹੋਇਆ ਹੈ, ਇਹ ਦ੍ਰਿਸ਼ਟੀਕੋਣ ਆਕਾਰ ਤੋਂ ਪਰੇ ਸਾਰੇ ਦੇਸ਼ਾਂ ਦੀ ਹਕੂਮਤ 'ਚ ਵਿਸ਼ਵਾਸ ਕਰਦਾ ਹੈ ਅਤੇ ਵਪਾਰ ਦੀ ਦਰਾਮਦ-ਬਰਾਮਦ ਦੇ ਮੁਕਤ ਅਤੇ ਖੁਲ੍ਹੇ ਰਸਤੇ ਦਾ ਸਮਰਥਨ ਕਰਦਾ ਹੈ।
