ਨੌਜਵਾਨਾਂ ਦੇ ਭਵਿੱਖ ਨੂੰ ਹਨ੍ਹੇਰੇ ’ਚ ਧੱਕ ਰਹੀ ਹੈ ਮੋਦੀ ਸਰਕਾਰ: ਰਾਹੁਲ
Monday, Sep 26, 2022 - 03:09 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਨੇ ਹਰ ਵਰਗ ਨੂੰ ਨਿਰਾਸ਼ ਕੀਤਾ ਹੈ ਅਤੇ ਖ਼ਾਸ ਕਰ ਕੇ ਬੇਰੁਜ਼ਗਾਰ ਨੌਜਵਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਕੇ ਦੇਸ਼ ਦੇ ਭਵਿੱਖ ਨੂੰ ਹਨ੍ਹੇਰੇ ’ਚ ਧੱਕ ਦਿੱਤਾ ਹੈ। ਰਾਹੁਲ ਗਾਂਧੀ ਨੇ ਸੋਮਵਾਰ ਨੂੰ ਆਪਣੇ ਫੇਸਬੁੱਕ ਸੰਦੇਸ਼ ’ਚ ਕਿਹਾ ਕਿ ਭਾਰਤ ਜੋੜੋ ਯਾਤਰਾ ’ਚ ਵੱਡੀ ਗਿਣਤੀ ’ਚ ਨੌਜਵਾਨ ਜੁੜ ਰਹੇ ਹਨ ਅਤੇ ਇਸ ਦੀ ਵੱਡੀ ਵਜ੍ਹਾ ਇਹ ਹੈ ਕਿ ਦੇਸ਼ ਦਾ ਨੌਜਵਾਨ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਨਿਰਾਸ਼ ਹੈ। ਦੇਸ਼ ’ਚ ਬੇਰੁਜ਼ਗਾਰੀ 45 ਸਾਲ ’ਚ ਸਭ ਤੋਂ ਜ਼ਿਆਦਾ ਹੈ, ਛੋਟੇ ਕਾਰੋਬਾਰੀਆਂ ਲਈ ਕੰਮ ਕਰਨਾ ਔਖਾ ਹੋ ਗਿਆ ਹੈ ਅਤੇ ਰੁਜ਼ਗਾਰ ਦੀ ਤਲਾਸ਼ ’ਚ ਭਟਕਦੇ ਨੌਜਵਾਨਾਂ ਨੂੰ ਹੁਣ ਭਾਰਤ ਜੋੜੋ ਯਾਤਰਾ ’ਚ ਉਮੀਦ ਦੀ ਕਿਰਨ ਵਿਖਾਈ ਦੇ ਰਹੀ ਹੈ।
ਰਾਹੁਲ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਵਿਚ ਨੌਜਵਾਨ ਇੰਨੀ ਵੱਡੀ ਗਿਣਤੀ ’ਚ ਸਾਡੇ ਨਾਲ ਜੁੜ ਰਹੇ ਹਨ। 8 ਸਾਲ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਸਾਲਾਨਾ ਦੋ ਕਰੋੜ ਰੁਜ਼ਗਾਰ ਦੇਣਗੇ ਪਰ ਅੱਜ ਹਾਲਾਤ ਇਹ ਹਨ ਕਿ ਦੇਸ਼ ’ਚ 45 ਸਾਲਾਂ ’ਚ ਸਭ ਤੋਂ ਵੱਧ ਬੇਰੁਜ਼ਗਾਰੀ ਹੈ, ਨੌਜਵਾਨ ਨਿਰਾਸ਼ ਹਨ ਅਤੇ ਆਸ ਗੁਆ ਚੁੱਕੇ ਹਨ। ਕਿਸੇ ਵੀ ਸਾਧਾਰਨ ਪਰਿਵਾਰ ਤੋਂ ਪੁੱਛੋ, ਅੱਜ ਮਹਿੰਗਾਈ ਦੇ ਚੱਲਦੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣ ’ਚ ਉਨ੍ਹਾਂ ਨੂੰ ਕਿੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਤਾ-ਪਿਤਾ ਦਿਨ-ਰਾਤ ਮਿਹਨਤ ਕਰ ਕੇ, ਮਹਿੰਗੀ ਸਿੱਖਿਆ ਦਾ ਬੋਝ ਚੁੱਕ ਕੇ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਹਨ। ਇਨ੍ਹਾਂ ਸਭ ਦੇ ਬਾਵਜੂਦ ਅੱਜ ਦੇਸ਼ ਦਾ ਨੌਜਵਾਨ ਹੱਥਾਂ ’ਚ ਡਿਗਰੀਆਂ ਲੈ ਕੇ ਰੁਜ਼ਗਾਰ ਦੀ ਭਾਲ ’ਚ ਸੜਕਾਂ ’ਤੇ ਭਟਕ ਰਿਹਾ ਹੈ।
ਰਾਹੁਲ ਮੁਤਾਬਕ ਭਾਰਤ ਜੋੜੋ ਯਾਤਰਾ ਦਾ ਮਕਸਦ ਨੌਜਵਾਨਾਂ ਨੂੰ ਮਿਲਣਾ, ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮੁਸ਼ਕਲਾਂ ਨੂੰ ਸੁਣਨਾ ਅਤੇ ਸਮਝਣਾ ਹੈ। ਅੱਜ ਨੌਜਵਾਨਾਂ ਲਈ ਹਾਲਾਤ ਬਹੁਤ ਔਖੇ ਹਨ। ਰਾਹੁਲ ਨੇ ਅੱਗੇ ਕਿਹਾ ਕਿ ਦੇਸ਼ ਦੇ 42 ਫ਼ੀਸਦੀ ਨੌਜਵਾਨ ਬੇਰੁਜ਼ਗਾਰ ਹਨ, ਪਿਛਲੇ 5 ਸਾਲਾਂ ’ਚ ਬੇਰੁਜ਼ਗਾਰੀ ਦੁੱਗਣੀ ਹੋ ਚੁੱਕੀ ਹੈ। ਨੌਜਵਾਨ ਘਬਰਾਏ ਹੋਏ ਹਨ ਅਤੇ ਅਜਿਹੀ ਹਾਲਤ ’ਚ ਅਸੀਂ ਉਨ੍ਹਾਂ ਨੂੰ ਇਕੱਲਾ ਨਹੀਂ ਛੱਡ ਸਕਦੇ।