ਮੋਦੀ ਸਰਕਾਰ ''ਚ ਹੁਣ ਤਕ ਹੋਏ 74 ਹਜ਼ਾਰ ਕਰੋੜ ਰੁਪਏ ਦੇ ਬੈਂਕ ਘਪਲੇ : ਕਾਂਗਰਸ
Wednesday, Mar 07, 2018 - 12:40 AM (IST)

ਨਵੀਂ ਦਿੱਲੀ-ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਮੋਦੀ ਸਰਕਾਰ 'ਚ ਹੁਣ ਤਕ ਲੱਗਭਗ 74 ਹਜ਼ਾਰ ਕਰੋੜ ਰੁਪਏ ਦੇ ਬੈਂਕ ਘਪਲੇ ਹੋ ਚੁੱਕੇ ਹਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਇਸ ਸਬੰਧੀ ਖਾਮੋਸ਼ ਹਨ।
ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸੂਰਜੇਵਾਲਾ ਅਤੇ ਪਾਰਟੀ ਦੇ ਸੀਨੀਅਰ ਨੇਤਾ ਪ੍ਰਮੋਦ ਤਿਵਾੜੀ ਨੇ ਮੰਗਲਵਾਰ ਸੰਸਦ ਭਵਨ ਕੰਪਲੈਕਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਬੈਂਕ ਘਪਲਿਆਂ ਨੂੰ ਲੈ ਕੇ ਰੋਜ਼ਾਨਾ ਨਵੇਂ ਖੁਲਾਸੇ ਹੋ ਰਹੇ ਹਨ। ਇਨ੍ਹਾਂ ਖੁਲਾਸਿਆਂ ਤੋਂ ਸਪੱਸ਼ਟ ਹੈ ਕਿ ਮੋਦੀ ਸਰਕਾਰ 'ਲੁਟੇਰੇ ਬਚਾਓ ਤੇ ਲੁਟੇਰੇ ਭਜਾਓ' ਦੀ ਨੀਤੀ 'ਤੇ ਚੱਲ ਰਹੀ ਹੈ। ਮੋਦੀ ਤੇ ਜੇਤਲੀ ਨੇ ਮੌਨ ਵਰਤ ਰੱਖਿਆ ਹੋਇਆ ਹੈ। ਪਿਛਲੇ 3 ਸਾਲ ਦੌਰਾਨ 73 ਹਜ਼ਾਰ 635 ਕਰੋੜ ਰੁਪਏ ਦੇ ਬੈਂਕ ਘਪਲੇ ਹੋ ਚੁੱਕੇ ਹਨ ਪਰ ਮੋਦੀ ਸਰਕਾਰ ਇਸ ਸਬੰਧੀ ਕੁਝ ਵੀ ਬੋਲਣ ਲਈ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਬੈਂਕ ਆਫ ਬੜੌਦਾ 'ਚ 6400 ਕਰੋੜ ਰੁਪਏ ਦਾ ਘਪਲਾ ਹੋਇਆ। ਵਿਜੇ ਮਾਲਿਆ ਨੇ 9 ਹਜ਼ਾਰ ਕਰੋੜ ਰੁਪਏ ਦਾ ਘਪਲਾ ਕੀਤਾ। ਨੀਰਵ ਮੋਦੀ ਤੇ ਮੇਹੁਲ ਚੋਕਸੀ ਦੀ ਲੁੱਟ 22600 ਕਰੋੜ ਰੁਪਏ ਦੀ ਹੈ। ਵਿਕਰਮ ਕੋਠਾਰੀ ਨੇ ਵੀ ਵੱਡਾ ਘਪਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਸੂਚਨਾ ਦੇ ਅਧਿਕਾਰ ਅਧੀਨ ਮਿਲੀ ਜਾਣਕਾਰੀ ਮੁਤਾਬਕ 2015 ਤੋਂ 2017 ਦਰਮਿਆਨ ਬੈਂਕਾਂ 'ਚ 19317 ਕਰੋੜ ਰੁਪਏ ਦੇ ਘਪਲੇ ਹੋਏ ਹਨ। 2015 'ਚ 5561, 2016 'ਚ 4274 ਅਤੇ 2017 'ਚ 9837 ਕਰੋੜ ਰੁਪਏ ਦੇ ਘਪਲੇ ਹੋਏ। ਸਭ ਮਿਲਾ ਕੇ 3 ਸਾਲ 'ਚ 73 ਹਜ਼ਾਰ 635 ਕਰੋੜ ਰੁਪਏ ਦੇ ਘਪਲੇ ਹੋਏ ਹਨ। 184 ਦੋਸ਼ੀ ਇਹ ਘਪਲੇ ਕਰ ਕੇ ਫਰਾਰ ਹੋ ਚੁੱਕੇ ਹਨ।