ਮੋਦੀ ਕਰ ਸਕਦੇ ਹਨ 15 ਅਗਸਤ ਨੂੰ ਦਾਗ਼ੀ ਅਧਿਕਾਰੀਆਂ ''ਤੇ ''ਸਰਜੀਕਲ ਸਟਰਾਈਕ''!

08/02/2017 10:31:28 AM

ਨਵੀਂ ਦਿੱਲੀ— ਮੋਦੀ ਸਰਕਾਰ ਦੀ ਇਕ ਵੱਡੀ ਸਰਜੀਕਲ ਸਟਰਾਈਕ ਹੁਣ ਭ੍ਰਿਸ਼ਟ ਅਧਿਕਾਰੀਆਂ ਦੇ ਖਿਲਾਫ ਸ਼ੁਰੂ ਹੋਵੇਗੀ। ਸਰਕਾਰ ਨੇ ਇਸ ਲਈ ਵੱਡੀ ਯੋਜਨਾ ਬਣਾ ਰੱਖੀ ਹੈ। 15 ਅਗਸਤ ਨੂੰ ਇਹ ਮੁਹਿੰਮ ਸ਼ੁਰੂ ਹੋ ਸਕਦੀ ਹੈ। ਸਰਕਾਰ ਨੇ ਇਸ ਲਈ ਸ਼ੁਰੂਆਤੀ ਪੜਾਅ 'ਚ ਸਾਰੇ ਦਾਗ਼ੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਂ, ਉਨ੍ਹਾਂ ਦੇ ਖਿਲਾਫ ਲੱਗੇ ਦੋਸ਼, ਜਾਂਚ ਦੀ ਸਥਿਤੀ ਅਤੇ ਉਸ ਨਾਲ ਜੁੜੇ ਦਸਤਾਵੇਜ਼ ਉਪਲੱਬਧ ਕਰਵਾਉਣੇ ਹੋਣਗੇ।
ਸਰਕਾਰ ਦੀ ਮੰਸ਼ਾ ਹੈ ਕਿ ਕੇਂਦਰ ਦੇ ਸਾਰੇ ਭ੍ਰਿਸ਼ਟ ਅਧਿਕਾਰੀਆਂ ਦਾ ਡੋਜੀਅਰ ਤਿਆਰ ਰਹੇ, ਜਿਸ 'ਚੋਂ ਇਕ ਹੀ ਜਗ੍ਹਾ ਉਨ੍ਹਾਂ ਦੀ ਪੂਰੀ ਜਾਣਕਾਰੀ ਉਪਲੱਬਧ ਹੋਵੇ। ਇਹ ਡੋਜੀਅਰ ਸੀ.ਵੀ.ਸੀ. ਦੀ ਅਗਵਾਈ 'ਚ ਬਣੇਗਾ। ਹੋਮ ਮਿਨੀਸਟਰੀ ਵੱਲੋਂ 23 ਜੁਲਾਈ ਨੂੰ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਭੇਜੇ ਲੈਟਰ 'ਚ 5 ਅਗਸਤ ਤੱਕ ਇਹ ਡੋਜੀਅਰ ਤਿਆਰ ਕਰਨ ਲਈ ਕਿਹਾ ਗਿਆ ਹੈ। ਸਰਕਾਰ ਵੱਲੋਂ ਭੇਜੇ ਗਏ ਇਸ ਲੈਟਰ 'ਚ ਸਖਤੀ ਨਾਲ ਕਿਹਾ ਗਿਆ ਹੈ ਕਿ ਇਸ ਡੈੱਡਲਾਈਨ ਦੀ ਪਾਲਣਾ ਕਰਨੀ ਹੀ ਹੋਵੇਗੀ। ਸੂਤਰਾਂ ਅਨੁਸਾਰ ਇਹ ਡੋਜੀਅਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ 'ਤੇ ਤਿਆਰ ਹੋ ਰਿਹਾ ਹੈ। ਇਸ 'ਚ ਇਹ ਜ਼ਿਕਰ ਵੀ ਕਰਨਾ ਹੋਵੇਗਾ ਕਿ ਭ੍ਰਿਸ਼ਟਾਚਾਰ ਦੇ ਦੋਸ਼ ਤੋਂ ਬਾਅਦ ਉਸ ਦੇ ਖਿਲਾਫ ਕਿਸ ਤਰ੍ਹਾਂ ਵਿਭਾਗੀ ਕਾਰਵਾਈ ਹੋਈ। ਇਸ ਪ੍ਰਕਿਰਿਆ 'ਚ ਭ੍ਰਿਸ਼ਟ ਕਰਮਚਾਰੀਆਂ ਨੂੰ ਬਚਾਉਣ ਵਾਲਿਆਂ ਦੀ ਵੀ ਪਛਾਣ ਹੋਵੇਗੀ। 
ਸੂਤਰਾਂ ਅਨੁਸਾਰ 5 ਅਗਸਤ ਤੱਕ ਤਿਆਰ ਹੋਣ ਵਾਲੇ ਡੋਜੀਅਰ ਨੂੰ ਸੀ.ਬੀ.ਆਈ. ਅਤੇ ਈ.ਡੀ. ਨੂੰ ਭੇਜਿਆ ਜਾਵੇਗਾ ਅਤੇ ਉਹ ਇਸ ਆਧਾਰ 'ਤੇ ਸੁਤੰਤਰ ਰੂਪ ਨਾਲ ਕਾਰਵਾਈ ਕਰ ਸਕਦੇ ਹਨ। ਅਜਿਹੇ 'ਚ ਇਕ ਵਾਰ ਡੋਜੀਅਰ ਤਿਆਰ ਹੋਣ ਤੋਂ ਬਾਅਦ ਹਜ਼ਾਰਾਂ ਕਰਮਚਾਰੀਆਂ ਦੇ ਖਿਲਾਫ ਵੱਡੀ ਕਾਰਵਾਈ ਹੋ ਸਕਦੀ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਮੋਦੀ ਸਰਕਾਰ ਨੇ 50 ਸਾਲ ਪੁਰਾਣੇ ਕਾਨੂੰਨ 'ਚ ਤਬਦੀਲੀ ਕਰਦੇ ਹੋਏ ਭ੍ਰਿਸ਼ਟਾਚਾਰ 'ਚ ਘਿਰੇ ਕਰਮਚਾਰੀਆਂ ਦੀ ਜਾਂਚ ਨੂੰ ਪੂਰਾ ਕਰਨ ਦੀ ਡੈੱਡਲਾਈਨ 6 ਮਹੀਨੇ ਤੈਅ ਕੀਤੀ ਸੀ। ਅਜਿਹੇ 'ਚ ਇਕ ਵਾਰ ਡੋਜੀਅਰ ਤਿਆਰ ਹੋਣ ਤੋਂ ਬਾਅਦ ਕਾਰਵਾਈ 'ਚ ਤੇਜ਼ੀ ਆਉਣ ਦੀ ਸੰਭਾਵਨਾ ਹੈ।
ਸੂਤਰਾਂ ਅਨੁਸਾਰ ਹਾਲ ਦੇ ਦਿਨਾਂ 'ਚ ਅੱਧਾ ਦਰਜਨ ਆਈ.ਏ.ਐੱਸ. ਅਤੇ ਆਈ.ਪੀ.ਐੱਸ. ਨੂੰ ਖਰਾਬ ਪ੍ਰਦਰਸ਼ਨ ਦੇ ਆਧਾਰ 'ਤੇ ਬਰਖ਼ਾਸਤ ਕਰਨ ਤੋਂ ਬਾਅਦ ਆਉਣ ਵਾਲੇ ਦਿਨਾਂ ਚ ਕਈ ਹੋਰ ਅਧਿਕਾਰੀਆਂ ਨੂੰ ਗਾਜ ਡਿੱਗਣ ਵਾਲੀ ਹੈ। ਪੀ.ਐੱਮ.ਓ. ਸੂਤਰਾਂ ਅਨੁਸਾਰ ਕਈ ਜਾਂਚ ਅਤੇ ਸਰਕਾਰੀ ਰਿਕਾਰਡ ਦੇਖਣ ਤੋਂ ਬਾਅਦ ਲਗਭਗ 110 ਆਈ.ਏ.ਐੱਸ. ਅਤੇ ਆਈ.ਪੀ.ਐੱਸ. ਅਧਿਕਾਰੀ ਰਾਡਾਰ 'ਤੇ ਹਨ। ਸੂਤਰਾਂ ਅਨੁਸਾਰ ਪੀ.ਐੱਮ. ਮੋਦੀ ਦੇ ਸਿੱਧੇ ਆਦੇਸ਼ ਤੋਂ ਬਾਅਦ ਇਸ ਦਿਸ਼ਾ 'ਚ ਤੇਜ਼ ਪਹਿਲ ਹੋਈ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਅਜਿਹੇ ਹਨ, ਜਿਨ੍ਹਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਹਨ ਜਾਂ ਵਿਭਾਗੀ ਕਾਨੂੰਨ ਨੂੰ ਨਜ਼ਰਅੰਦਾਜ ਕਰਦੇ ਹੋਏ ਮਨਮਾਨੀ ਕਰਦੇ ਪਾਏ ਗਏ ਹਨ। ਇਨ੍ਹਾਂ 110 'ਚੋਂ ਲਗਭਗ 2 ਦਰਜਨ ਗੁੰਮਸ਼ੁਦਾ ਆਈ.ਏ.ਐੱਸ. ਅਧਿਕਾਰੀ ਵੀ ਹਨ, ਜੋ ਪਿਛਲੇ ਕੁਝ ਸਾਲਾਂ ਤੋਂ ਬਿਨਾਂ ਸੂਚਨਾ ਦੇ ਗਾਇਬ ਹਨ।


Related News