ਮੋਦੀ ਵਿਰੁੱਧ ਮਮਤਾ ਦੀ ਟਿੱਪਣੀ: ਜਿਨ੍ਹਾਂ ਕੋਲੋਂ ਪੰਡਾਲ ਨਹੀਂ ਸੰਭਾਲਿਆ ਜਾਂਦਾ, ਉਹ ਦੇਸ਼ ਨੂੰ ਕਿਵੇਂ ਸੰਭਾਲਣਗੇ

Sunday, Jul 22, 2018 - 11:32 AM (IST)

ਕੋਲਕਾਤਾ—ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਜਿਹੜੇ ਵਿਅਕਤੀ ਪੰਡਾਲ ਨਹੀਂ ਸੰਭਾਲ ਸਕਦੇ, ਉਹ ਦੇਸ਼ ਨੂੰ ਕਿਵੇਂ ਸੰਭਾਲਣਗੇ। 
ਮਿਦਨਾਪੁਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਪੰਡਾਲ ਡਿੱਗਣ ਦੀ ਘਟਨਾ 'ਤੇ ਟਿੱਪਣੀ ਕਰਦਿਆਂ ਮਮਤਾ ਨੇ ਸ਼ਨੀਵਾਰ ਇਥੇ 'ਸ਼ਹੀਦ ਦਿਵਸ' ਦੇ ਮੌਕੇ 'ਤੇ ਇਕ ਰੈਲੀ ਦੌਰਾਨ ਕਿਹਾ ਕਿ  ਅਸੀਂ ਕੇਂਦਰ ਦੀ ਸੱਤਾ ਤੋਂ ਭਾਜਪਾ ਨੂੰ ਜੜੋਂ ਪੁੱਟਣ ਦਾ ਸੰਕਲਪ ਲਿਆ ਹੈ।  ਭਾਜਪਾ ਨੂੰ ਲੋਕ ਸਭਾ ਦੀਆਂ ਆਉਂਦੀਆਂ ਚੋਣਾਂ ਦੌਰਾਨ ਵੱਡਾ ਝਟਕਾ ਲੱਗੇਗਾ। ਭਾਜਪਾ 100 ਸੀਟਾਂ ਤੱਕ ਹੀ ਸਿਮਟ ਰਹਿ ਜਾਏਗੀ। ਭਾਜਪਾ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਗੁਮਰਾਹ ਕਰ ਰਹੀ ਹੈ। ਭਾਸ਼ਣਾਂ ਰਾਹੀਂ ਲੋਕਾਂ ਨੂੰ ਹਨੇਰੇ ਵਿਚ ਰੱਖਿਆ ਜਾ ਰਿਹਾ ਹੈ। 
ਮਮਤਾ ਬੈਨਰਜੀ ਨੇ ਭੀੜ ਵਲੋਂ ਕੁੱਟ-ਕੱਟ ਕੇ ਹੱਤਿਆ ਕਰਨ ਵਰਗੀਆਂ ਘਟਨਾਵਾਂ ਲਈ ਭਾਜਪਾ ਅਤੇ ਆਰ. ਐੱਸ. ਐੱਸ. ਨੂੰ ਕਟਹਿਰੇ ਵਿਚ ਖੜ੍ਹਾ ਕੀਤਾ। ਉਨ੍ਹਾਂ ਕਿਹਾ ਕਿ ਕੁਝ ਲੋਕ  ਇਥੇ ਤਾਲਿਬਾਨ ਵਰਗਾ ਰਾਜ ਲਿਆਉਣਾ ਚਾਹੁੰਦੇ ਹਨ। ਮਮਤਾ ਨੇ ਕਿਹਾ ਕਿ ਭਾਜਪਾ ਅਤੇ ਆਰ. ਐੱਸ. ਐੱਸ. ਵਿਚ ਵੀ ਕੁਝ ਚੰਗੇ ਲੋਕ ਹਨ, ਜਿਨ੍ਹਾਂ ਦਾ ਮੈਂ ਸਤਿਕਾਰ ਕਰਦੀ ਹਾਂ ਪਰ ਵਧੇਰੇ ਲੋਕ ਗੰਦੀ ਸਿਆਸਤ ਕਰ ਰਹੇ ਹਨ। 
ਮੁੱਖ ਮੰਤਰੀ ਨੇ ਕਿਹਾ ਕਿ 15 ਅਗਸਤ ਨੂੰ ਤ੍ਰਿਣਮੂਲ ਕਾਂਗਰਸ 'ਭਾਜਪਾ ਹਟਾਓ, ਦੇਸ਼ ਬਚਾਓ' ਮੁਹਿੰਮ ਸ਼ੁਰੂ ਕਰੇਗੀ। ਪਾਰਟੀ ਆਉਂਦਿਆਂ ਲੋਕ ਸਭਾ ਚੋਣਾਂ ਦੌਰਾਨ 42 ਸੀਟਾਂ 'ਤੇ ਚੋਣ ਜਿੱਤੇਗੀ। ਇਸ ਸਮੇਂ ਪਾਰਟੀ ਕੋਲ 34 ਮੈਂਬਰ ਹਨ। ਮੀਂਹ ਦੇ ਬਾਵਜੂਦ ਮਮਤਾ ਨੇ ਆਪਣਾ ਭਾਸ਼ਣ ਜਾਰੀ ਰੱਖਿਆ। ਮਮਤਾ ਨੇ ਸ਼ਹੀਦ ਦਿਵਸ ਨੂੰ 'ਸੰਕਲਪ' ਦਿਵਸ ਵਜੋਂ ਮਨਾਉਣ ਦਾ ਐਲਾਨ ਵੀ ਕੀਤਾ। 1993 ਵਿਚ ਪੁਲਸ ਫਾਇਰਿੰਗ ਦੌਰਾਨ ਮਾਰੇ ਗਏ 13 ਨੌਜਵਾਨ ਵਰਕਰਾਂ ਦੀ ਯਾਦ ਵਿਚ ਤ੍ਰਿਣਮੂਲ ਕਾਂਗਰਸ ਹਰ ਸਾਲ 21 ਜੁਲਾਈ ਨੂੰ ਸ਼ਹੀਦੀ ਦਿਵਸ ਮਨਾਉਂਦੀ ਹੈ। ਉਸ ਸਮੇਂ ਮਮਤਾ ਬੈਨਰਜੀ ਪੱਛਮੀ ਬੰਗਾਲ ਯੂਥ ਕਾਂਗਰਸ ਦੀ ਨੇਤਾ ਸੀ ਅਤੇ ਸੂਬੇ ਵਿਚ ਖੱਬੇਪੱਖੀ ਮੋਰਚੇ ਦੀ ਸਰਕਾਰ ਸੀ। 


Related News