ਹਵਾਈ ਸਫ਼ਰ ’ਚ ਵਿਘਨ ਜਾਰੀ : IndiGo ਏਅਰਲਾਈਜ਼ ਦੀਆਂ 550 ਉਡਾਣਾਂ ਰੱਦ, ਹਜ਼ਾਰਾਂ ਯਾਤਰੀ ਪ੍ਰੇਸ਼ਾਨ

Friday, Dec 05, 2025 - 08:16 AM (IST)

ਹਵਾਈ ਸਫ਼ਰ ’ਚ ਵਿਘਨ ਜਾਰੀ : IndiGo ਏਅਰਲਾਈਜ਼ ਦੀਆਂ 550 ਉਡਾਣਾਂ ਰੱਦ, ਹਜ਼ਾਰਾਂ ਯਾਤਰੀ ਪ੍ਰੇਸ਼ਾਨ

ਮੁੰਬਈ (ਭਾਸ਼ਾ) - ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ’ਚ ਸੰਚਾਲਨ ਵਿਘਨ ਲਗਾਤਾਰ ਤੀਸਰੇ ਦਿਨ ਵੀਰਵਾਰ ਨੂੰ ਵੀ ਜਾਰੀ ਰਹਿਣ ਨਾਲ ਲੱਗਭਗ 550 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ, ਜਦੋਂ ਕਿ ਕਈ ਉਡਾਣਾਂ ਦੇਰੀ ਨਾਲ ਰਵਾਨਾ ਹੋਈਆਂ। ਇਸ ਵਜ੍ਹਾ ਨਾਲ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਕਿਹਾ ਕਿ ਦੁਪਹਿਰ ਤੱਕ ਦਿੱਲੀ ’ਚ ਇੰਡੀਗੋ ਦੀਆਂ 172 ਤੋਂ ਵੱਧ, ਮੁੰਬਈ ’ਚ 118, ਹੈਦਰਾਬਾਦ ’ਚ 70 ਅਤੇ ਬੈਂਗਲੁਰੂ ’ਚ ਲੱਗਭਗ 100 ਉਡਾਣਾਂ ਰੱਦ ਕੀਤੀਆਂ ਗਈਆਂ। ਹੋਰ ਹਵਾਈ ਅੱਡਿਆਂ ’ਤੇ ਵੀ ਉਡਾਣਾਂ ਰੱਦ ਹੋਣ ਅਤੇ ਦੇਰੀ ਨਾਲ ਰਵਾਨਾ ਹੋਣ ਦੀ ਗੱਲ ਸਾਹਮਣੇ ਆਈ ਹੈ।

ਦੇਸ਼ ਦੇ 6 ਪ੍ਰਮੁੱਖ ਹਵਾਈ ਅੱਡਿਆਂ-ਦਿੱਲੀ, ਮੁੰਬਈ, ਚੇਨਈ, ਕੋਲਕਾਤਾ, ਬੈਂਗਲੁਰੂ ਅਤੇ ਹੈਦਰਾਬਾਦ ਦੇ ਸਾਂਝੇ ਅੰਕੜਿਆਂ ਦੇ ਆਧਾਰ ’ਤੇ ਏਅਰਲਾਈਨ ਦੀ ਸਮਾਂ ਪਾਲਣਾ ਦਰ ਬੁੱਧਵਾਰ ਨੂੰ ਡਿੱਗ ਕੇ 19.7 ਫ਼ੀਸਦੀ ’ਤੇ ਆ ਗਈ ਜਦੋਂ ਕਿ 2 ਦਸੰਬਰ ਨੂੰ ਇਹ 35 ਫ਼ੀਸਦੀ ਸੀ। ਸਮੇਂ ’ਤੇ ਉਡਾਣਾਂ ਦੇ ਸੰਚਾਲਨ ਲਈ ਮਸ਼ਹੂਰ ਇੰਡੀਗੋ ਦੇ ਉਡਾਣ ਪ੍ਰਬੰਧਨ ’ਚ ਆਈ ਇੰਨੀ ਵੱਡੀ ਗਿਰਾਵਟ ’ਤੇ ਯਾਤਰੀਆਂ ਦੇ ਨਾਲ-ਨਾਲ ਹਵਾਬਾਜ਼ੀ ਖੇਤਰ ਦੇ ਹਿੱਤਧਾਰਕ ਵੀ ਸਵਾਲ ਉਠਾ ਰਹੇ ਹਨ। ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਨੇ ਉਡਾਣਾਂ ’ਚ ਹੋ ਰਹੀ ਭਾਰੀ ਦੇਰੀ ਅਤੇ ਰੱਦ ਹੋਣ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਏਅਰਲਾਈਨ ਤੋਂ ਵਿਸਥਾਰਤ ਸਪੱਸ਼ਟੀਕਰਨ ਮੰਗਿਆ ਹੈ। ਰੈਗੂਲੇਟਰ ਨੇ ਕਿਹਾ ਕਿ ਉਹ ਮੌਜੂਦਾ ਸਥਿਤੀ ਦੀ ਜਾਂਚ ਕਰ ਰਿਹਾ ਹੈ ਅਤੇ ਸੰਚਾਲਨ ਆਮ ਵਾਂਗ ਕਰਨ ਦੇ ਉਪਰਾਲਿਆਂ ’ਤੇ ਏਅਰਲਾਈਨ ਨਾਲ ਗੱਲਬਾਤ ਕਰ ਰਿਹਾ ਹੈ।

ਇੰਡੀਗੋ ਨੇ ਬੁੱਧਵਾਰ ਨੂੰ ਆਪਣੇ ਬਿਆਨ ’ਚ ਕਿਹਾ ਸੀ ਕਿ ਉਸ ਦੀਆਂ ਸੰਚਾਲਨ ਸਮੱਸਿਆਵਾਂ ਕਈ ਕਾਰਨਾਂ ਕਰ ਕੇ ਪੈਦਾ ਹੋਈਆਂ ਹਨ, ਜਿਨ੍ਹਾਂ ’ਚ ‘ਤਕਨੀਕੀ ਖਾਮੀਆਂ, ਸਰਦ ਰੁੱਤ ਉਡਾਣ ਸਮਾਂ-ਸਾਰਣੀ ਦੇ ਬਦਲਾਅ, ਉਲਟ ਮੌਸਮ, ਵਧਦੀ ਭੀੜ ਅਤੇ ਨਵੇਂ ਰੋਸਟਰਿੰਗ ਨਿਯਮ’ ਸ਼ਾਮਲ ਹਨ। ਇੰਡੀਗੋ ਨੇ ਕਿਹਾ ਹੈ ਕਿ ਉਹ ਇਸ ਸੰਚਾਲਨ ਸਮੱਸਿਆ ’ਤੇ ਕਾਬੂ ਪਾਉਣ ਲਈ ਸ਼ੁੱਕਰਵਾਰ ਤੱਕ ਉਡਾਣਾਂ ਦੀ ਸੰਤੁਲਿਤ ਐਡਜਸਟਮੈਂਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ’ਚ ਕੁਝ ਉਡਾਣਾਂ ਨੂੰ ਰੱਦ ਕਰਨ ਨਾਲ ਕੁਝ ਉਡਾਣਾਂ ਨੂੰ ਮੁੜ-ਨਿਰਧਾਰਿਤ ਕੀਤਾ ਜਾਵੇਗਾ।

ਚਾਲਕ ਦਲ ਦੀ ਭਾਰੀ ਕਮੀ ਨਾਲ ਜੂਝ ਰਹੀ ਇੰਡੀਗੋ
ਸੂਤਰਾਂ ਨੇ ਦੱਸਿਆ ਕਿ ਇੰਡੀਗੋ ਹਾਲ ਦੇ ਦਿਨਾਂ ’ਚ ਚਾਲਕ ਦਲ ਦੀ ਭਾਰੀ ਕਿੱਲਤ ਦਾ ਸਾਹਮਣਾ ਕਰ ਰਹੀ ਹੈ। ਦਰਅਸਲ ਉਡਾਣ ਡਿਊਟੀ ਦੀ ਹੱਦ ਤੈਅ ਕਰਨ ਵਾਲੇ ਨਵੇਂ ਐੱਫ. ਡੀ. ਟੀ. ਐੱਲ. ਨਿਯਮ ਲਾਗੂ ਹੋਣ ਦੇ ਬਾਅਦ ਤੋਂ ਹੀ ਏਅਰਲਾਈਨ ਚਾਲਕ ਦਲ ਦੀ ਕਮੀ ਦਾ ਸਾਹਮਣਾ ਕਰ ਰਹੀ ਹੈ। ਨਵੇਂ ਨਿਯਮਾਂ ਤਹਿਤ ਪਾਇਲਟਾਂ ਲਈ ਹਫ਼ਤਾਵਾਰੀ ਅਾਰਾਮ ਸਮਾਂ ਵਧਾਇਆ ਗਿਆ ਹੈ ਅਤੇ ਰਾਤ ਵੇਲੇ ਲੈਂਡਿੰਗ ਦੀ ਗਿਣਤੀ ਸੀਮਤ ਕੀਤੀ ਗਈ ਹੈ ਤਾਂ ਜੋ ਉਡਾਣ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਸਕੇ।

ਪਾਇਲਟਾਂ ਦੇ ਸੰਗਠਨ ਫੈੱਡਰੇਸ਼ਨ ਆਫ ਇੰਡੀਅਨ ਪਾਇਲਟਸ (ਐੱਫ. ਆਈ. ਪੀ.) ਅਤੇ ਏਅਰਲਾਈਨ ਪਾਇਲਟਸ ਐਸੋਸੀਏਸ਼ਨ ਆਫ ਇੰਡੀਆ (ਏ. ਐੱਲ. ਪੀ. ਏ.) ਨੇ ਇਸ ਸਮੱਸਿਆ ਲਈ ਇੰਡੀਗੋ ਨੂੰ ਹੀ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਹੈ ਕਿ ਏਅਰਲਾਈਨ ਕੋਲ ਨਿਯਮ ਲਾਗੂ ਹੋਣ ਤੋਂ ਪਹਿਲਾਂ ਤਿਆਰੀ ਲਈ ਦੋ ਸਾਲ ਦਾ ਸਮਾਂ ਸੀ ਪਰ ਉਸ ਨੇ ਭਰਤੀ ਪ੍ਰਕਿਰਿਆ ਨੂੰ ਮੱਠਾ ਰੱਖਿਆ। ਇਸ ਦੇ ਨਾਲ ਹੀ ਪਾਇਲਟ ਸੰਗਠਨਾਂ ਨੇ ਡੀ. ਜੀ. ਸੀ. ਏ. ਨੂੰ ਅਪੀਲ ਕੀਤੀ ਹੈ ਕਿ ਏਅਰਲਾਈਨ ਨੂੰ ਉਦੋਂ ਤੱਕ ਮੌਸਮੀ ਉਡਾਣ ਸਮਾਂ-ਸਾਰਣੀ ਦੀ ਮਨਜ਼ੂਰੀ ਨਾ ਦਿੱਤੀ ਜਾਵੇ, ਜਦੋਂ ਤੱਕ ਉਹ ਚਾਲਕ ਦਲ ਦੀ ਲੋੜੀਂਦੀ ਉਪਲੱਬਧਤਾ ਦਾ ਸਬੂਤ ਨਾ ਦੇਵੇ।

ਏਅਰਪੋਰਟ ’ਤੇ ਰੇਲਵੇ ਸਟੇਸ਼ਨ ਵਰਗੇ ਹਾਲਾਤ
ਬੁੱਧਵਾਰ ਰਾਤ ਤੋਂ ਲੈ ਕੇ ਵੀਰਵਾਰ ਦਰਮਿਆਨ ਲਗਾਤਾਰ ਫਲਾਈਟਾਂ ਦੇ ਕੈਂਸਲ ਅਤੇ ਦੂਜੀ ਫਲਾਈਟ ’ਚ ਜਗ੍ਹਾ ਨਾ ਮਿਲਣ ਕਾਰਨ ਮੌਜੂਦਾ ਸਮੇਂ ਵਿਚ ਦਿੱਲੀ ਏਅਰਪੋਰਟ ’ਤੇ ਰੇਲਵੇ ਸਟੇਸ਼ਨ ਵਰਗੇ ਹਾਲਾਤ ਹੋ ਗਏ। ਦਿੱਲੀ ਦੇ ਟੀ-1 ’ਤੇ ਬਾਹਰ ਵੀ ਲੰਬੀਆਂ ਲਾਈਨਾਂ ਦੇਖੀਆਂ ਗਈਆਂ। ਉਥੇ ਹੀ ਅੰਦਰ ਵੀ ਬੈਠਣ ਦੀ ਜਗ੍ਹਾ ਨਹੀਂ ਸੀ।

40 ਹਜ਼ਾਰ ਰੁਪਏ ਦੇਣੇ ਪੈ ਰਹੇ ਹਨ ਦਿੱਲੀ ਤੋਂ ਮੁੰਬਈ ਦੇ 
ਏਅਰ ਇੰਡੀਆ ਐਕਸਪ੍ਰੈੱਸ, ਅਕਾਸਾ ਸਮੇਤ ਕਈ ਏਅਰਲਾਈਨਜ਼ ਨੇ ਜ਼ਿਆਦਾ ਟ੍ਰੈਫਿਕ ਵਾਲੇ ਰੂਟਾਂ ’ਤੇ ਆਪਣੇ ਕਿਰਾਏ ਵਿਚ 200 ਫੀਸਦੀ ਤੋਂ ਵੱਧ ਦਾ ਵਾਧਾ ਕੀਤਾ ਹੈ। ਦਿੱਲੀ ਤੋਂ ਮੁੰਬਈ, ਪੁਣੇ ਅਤੇ ਚੇਨਈ ਲਈ ਕਿਰਾਇਆ 40 ਤੋਂ 45 ਹਜ਼ਾਰ ਦਰਮਿਆਨ ਪੁੱਜ ਗਿਆ ਹੈ। ਓਧਰ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਇੰਡੀਗੋ ਵਿਚ ਵਿਆਪਕ ਪਰਿਚਾਲਨ ਅੜਿੱਕਾ ਪੈਦਾ ਹੋਣ ’ਤੇ ਗੰਭੀਰ ਚਿੰਤਾ ਪ੍ਰਗਟਾਉਂਦੇ ਹੋਏ ਇਕ ਉੱਚ ਪੱਧਰੀ ਬੈਠਕ ਕੀਤੀ ਅਤੇ ਹਵਾਈ ਕੰਪਨੀ ਨੂੰ ਛੇਤੀ ਤੋਂ ਛੇਤੀ ਪਰਿਚਾਲਨ ਆਮ ਕਰਨ ਦਾ ਨਿਰਦੇਸ਼ ਦਿੱਤਾ।


author

rajwinder kaur

Content Editor

Related News