ਧਮਕੀ ਭਰੇ ਪੱਤਰ ’ਤੇ ਮਨਸੇ ਦੀ ਚਿਤਾਵਨੀ, ਰਾਜ ਠਾਕਰੇ ਨੂੰ ਨੁਕਸਾਨ ਪਹੁੰਚਿਆ ਤਾਂ ਮਹਾਰਾਸ਼ਟਰ ਸੜੇਗਾ
Thursday, May 12, 2022 - 10:50 AM (IST)
ਮੁੰਬਈ– ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਦੇ ਨੇਤਾ ਬਾਲਾ ਨੰਦਗਾਓਂਕਰ ਨੇ ਰਾਜ ਠਾਕਰੇ ਨੂੰ ਮਿਲੇ ਧਮਕੀ ਭਰੇ ਇਕ ਪੱਤਰ ਦੇ ਮੱਦੇਨਜ਼ਰ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦਲੀਪ ਵਲਸੇ ਪਾਟਿਲ ਨਾਲ ਬੁੱਧਵਾਰ ਨੂੰ ਮੁਲਾਕਾਤ ਕੀਤੀ ਅਤੇ ਇਸ ਸਬੰਧ ’ਚ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਨੰਦਗਾਓਂਕਰ ਨੇ ਬਾਅਦ ’ਚ ਪੱਤਰਕਾਰਾਂ ਨੂੰ ਕਿਹਾ ਕਿ ਜੇ ਮਨਸੇ ਪ੍ਰਧਾਨ ਨੂੰ ਕੋਈ ਨੁਕਸਾਨ ਪਹੁੰਚਿਆ ਤਾਂ ਪੂਰੇ ਸੂਬੇ ’ਚ ਇਸ ਦੇ ਗੰਭੀਰ ਨਤੀਜੇ ਹੋਣਗੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਫਤਰ ਨੂੰ ਇਕ ਪੱਤਰ ਮਿਲਿਆ ਜੋ ਹਿੰਦੀ ’ਚ ਲਿਖਿਆ ਹੈ ਅਤੇ ਇਸ ’ਚ ਉਰਦੂ ਦੇ ਕੁਝ ਸ਼ਬਦ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਪੱਤਰ ’ਚ ਠਾਕਰੇ ਦੀ ਇਸ ਚਿਤਾਵਨੀ ਦਾ ਜ਼ਿਕਰ ਕੀਤਾ ਗਿਆ ਹੈ ਕਿ ਜੇ ‘ਅਜਾਨ’ ਲਈ ਲਾਊਡਸਪੀਕਰ ਵਜਾਉਣਾ ਜਾਰੀ ਰੱਖਿਆ ਗਿਆ ਤਾਂ ਮਸਜਿਦਾਂ ਦੇ ਸਾਹਮਣੇ ਹਨੂੰਮਾਨ ਚਾਲੀਸਾ ਵਜਾਇਆ ਜਾਵੇਗਾ।
ਨੰਦਗਾਓਂਕਰ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਉਹ ਪੁਲਸ ਕਮਿਸ਼ਨਰ ਨਾਲ ਗੱਲ ਕਰਨਗੇ। ਹੁਣ ਉਹ ਲੋੜੀਂਦੇ ਕਦਮ ਚੁੱਕਣਗੇ ਪਰ ਜੇ ਰਾਜ ਠਾਕਰੇ ਨੂੰ ਜ਼ਰਾ ਜਿੰਨਾ ਵੀ ਨੁਕਸਾਨ ਪਹੁੰਚਿਆ ਤਾਂ ਮਹਾਰਾਸ਼ਟਰ ਸੜੇਗਾ। ਸੂਬਾ ਸਰਕਾਰ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ। ਨੰਦਗਾਓਂਕਰ ਨੇ ਕਿਹਾ ਕਿ ਉਹ ਮਨਸੇ ਦੇ ਪ੍ਰਧਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਏ ਜਾਣ ਦੀ ਮੰਗ ਕਰਦੇ ਰਹੇ ਹਨ ਪਰ ਸੂਬਾ ਸਰਕਾਰ ਇਸ ਗੱਲ ’ਤੇ ਧਿਆਨ ਨਹੀਂ ਦੇ ਰਹੀ।