ਮਨਰੇਗਾ ਤੋਂ ਬਿਹਤਰ ਯੋਜਨਾ ਹੈ ਵਿਕਸਿਤ ਭਾਰਤ-ਜੀ ਰਾਮ ਜੀ : ਸ਼ਿਵਰਾਜ ਚੌਹਾਨ
Monday, Jan 05, 2026 - 12:46 PM (IST)
ਨਵੀਂ ਦਿੱਲੀ- ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ (ਮਨਰੇਗਾ) ਤਹਿਤ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਕੀਤੇ ਜਾਣ ਦਾ ਦੋਸ਼ ਲਾਉਂਦੇ ਹੋਏ ਐਤਵਾਰ ਨੂੰ ਕਿਹਾ ਕਿ ਵਿਕਸਿਤ ਭਾਰਤ-ਰੁਜ਼ਗਾਰ ਅਤੇ ਆਜੀਵਿਕਾ ਗਾਰੰਟੀ ਮਿਸ਼ਨ (ਵਿਕਸਿਤ ਭਾਰਤ-ਜੀ ਰਾਮ ਜੀ) ਯੋਜਨਾ ਨੂੰ ਲੈ ਕੇ ਕਾਂਗਰਸ ਗਲਤ ਸੂਚਨਾ ਫੈਲਾਅ ਰਹੀ ਹੈ। ਚੌਹਾਨ ਨੇ ਇੱਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਵਿਕਸਿਤ ਭਾਰਤ-ਜੀ ਰਾਮ ਜੀ ਯੋਜਨਾ ਖਿਲਾਫ ਕਾਂਗਰਸ ਦੀ ਆਉਣ ਵਾਲੀ ਮੁਹਿੰਮ ਦੀ ਆਲੋਚਨਾ ਕੀਤੀ ਅਤੇ ਸਵਾਲ ਕੀਤਾ ਕਿ ਇਸ ਮੁੱਦੇ ’ਤੇ ਚਰਚਾ ਦੌਰਾਨ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਮੌਜੂਦ ਕਿਉਂ ਨਹੀਂ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ‘ਮਨਰੇਗਾ ਬਚਾਓ ਸੰਗਰਾਮ’ ਦਾ ਐਲਾਨ ਕੀਤਾ ਹੈ। ਇਹ ਅਸਲ ਵਿਚ ਭ੍ਰਿਸ਼ਟਾਚਾਰ ਬਚਾਓ ਮੁਹਿੰਮ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ’ਚ ਭ੍ਰਿਸ਼ਟਾਚਾਰ ਹੋਣ ਲੱਗ ਗਿਆ ਸੀ। ਗ੍ਰਾਮ ਸਭਾਵਾਂ ਵੱਲੋਂ ਕੀਤੇ ਗਏ ਸਮਾਜਿਕ ਆਡਿਟ ਵਿਚ 10,51,000 ਤੋਂ ਵੱਧ ਸ਼ਿਕਾਇਤਾਂ ਮਿਲੀਆਂ। ਇਕੋ ਕੰਮ ਨੂੰ ਦੁਹਰਾਇਆ ਗਿਆ, ਕੰਮ ਮਸ਼ੀਨਾਂ ਰਾਹੀਂ ਕਰਵਾਇਆ ਗਿਆ, ਨਹਿਰਾਂ ਅਤੇ ਸੜਕਾਂ ਦੀ ਸਫਾਈ ਦੇ ਨਾਂ ’ਤੇ ਪੈਸਿਆਂ ਦੀ ਹੇਰਾਫੇਰੀ ਕੀਤੀ ਗਈ। 30 ਫੀਸਦੀ ਮਜ਼ਦੂਰ 60 ਸਾਲ ਤੋਂ ਉੱਪਰ ਸਨ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਤਹਿਤ 8,48,000 ਕਰੋੜ ਰੁਪਏ ਤੋਂ ਵੱਧ ਦਿੱਤੇ ਗਏ, ਜਦਕਿ ਯੂ. ਪੀ. ਏ. ਦੀ ਪਿਛਲੀ ਸਰਕਾਰ ਦੌਰਾਨ 2 ਲੱਖ ਕਰੋੜ ਰੁਪਏ ਤੋਂ ਵੱਧ ਦਿੱਤੇ ਗਏ। ਕੀ ਸਥਾਈ ਜਾਇਦਾਦਾਂ ਬਣਾਈਆਂ ਗਈਆਂ? ਕੀ ਇਸ ਪੈਸੇ ਦੀ ਵਰਤੋਂ ਵਿਕਾਸ ਲਈ ਹੋ ਸਕੀ? ਉਨ੍ਹਾਂ ਕਿਹਾ ਕਿ ਕਾਂਗਰਸ ਝੂਠ ਦੀ ਫੈਕਟਰੀ ਹੈ। ਹੁਣ ਉਹ ਕਹਿ ਰਹੇ ਹਨ ਕਿ ਮਜ਼ਦੂਰਾਂ ਨੂੰ ਕੰਮ ਨਹੀਂ ਮਿਲੇਗਾ। ਉਨ੍ਹਾਂ ਦਾਅਵਾ ਕੀਤਾ ਕਿ ਵਿਕਸਿਤ ਭਾਰਤ-ਜੀ ਰਾਮ ਜੀ ਤਹਿਤ ਮਜ਼ਦੂਰਾਂ ਦੇ ਹਿੱਤ ਬਿਹਤਰ ਢੰਗ ਨਾਲ ਸੁਰੱਖਿਅਤ ਰਹਿਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਮੇਰੀ ਅਪੀਲ ਹੈ ਕਿ ਉਹ ਗਲਤ ਸੂਚਨਾ ਅਤੇ ਝੂਠ ਨਾ ਫੈਲਾਏ। ਇਸ ਦੀ ਬਜਾਏ ਇਸ ਯੋਜਨਾ ਨੂੰ ਬਿਹਤਰ ਬਣਾਉਣ ਲਈ ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਨਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
