ਓਡੀਸ਼ਾ ’ਚ ਲਖੀਮਪੁਰ ਵਰਗੀ ਘਟਨਾ : ਵਿਧਾਇਕ ਨੇ ਭੀੜ ’ਤੇ ਚੜ੍ਹਾਈ ਕਾਰ, 7 ਪੁਲਸ ਮੁਲਾਜ਼ਮਾਂ ਸਮੇਤ 22 ਜ਼ਖਮੀ
Sunday, Mar 13, 2022 - 01:39 PM (IST)
 
            
            ਭੁਵਨੇਸ਼ਵਰ (ਵਾਰਤਾ)– ਓਡੀਸ਼ਾ ’ਚ ਚਿਲਕਾ ਦੇ ਵਿਧਾਇਕ ਪ੍ਰਸ਼ਾਂਤ ਜਗਦੇਵ ਨੇ ਸ਼ਨੀਵਾਰ ਬਾਨਪੁਰ ਬਲਾਕ ਦਫ਼ਤਰ ਦੇ ਸਾਹਮਣੇ ਆਪਣੀ ਕਾਰ ਹੇਠ ਭੀੜ ਨੂੰ ਕੁਚਲ ਦਿੱਤਾ। ਇਸ ਕਾਰਨ 7 ਪੁਲਸ ਮੁਲਾਜ਼ਮ ਅਤੇ 15 ਭਾਜਪਾ ਵਰਕਰ ਜ਼ਖਮੀ ਹੋ ਗਏ। ਖੋਰਧਾ ਦੇ ਪੁਲਸ ਮੁਖੀ ਆਲੇਖ ਚੰਦਰ ਪਾਹੀ ਨੇ ਕਿਹਾ ਕਿ ਸਭ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਪਿੱਛੋਂ ਗੁੱਸੇ ਵਿਚ ਆਈ ਭੀੜ ਨੇ ਬੀਜੂ ਜਨਤਾ ਦਲ ਦੇ ਮੁਅੱਤਲ ਵਿਧਾਇਕ ਜਗਦੇਵ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਉਨ੍ਹਾਂ ਨੂੰ ਤਾਂਗੀ ਦੇ ਇਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਉੱਥੋਂ ਪੁਲਸ ਨੇ ਉਨ੍ਹਾਂ ਨੂੰ ਭੁਵਨੇਸ਼ਵਰ ਦੇ ਇਕ ਹਸਪਤਾਲ ’ਚ ਤਬਦੀਲ ਕਰ ਦਿੱਤਾ।
ਇਹ ਵੀ ਪੜ੍ਹੋ : ਵਿਆਹ ਦੇ ਅਗਲੇ ਦਿਨ ਮਿਲਿਆ ਪਤਨੀ ਦੇ ਰੇਪ ਦਾ ਵੀਡੀਓ, ਪਤੀ ਨੇ ਅਪਣਾਉਣ ਤੋਂ ਕੀਤਾ ਇਨਕਾਰ
ਭੀੜ ਨੇ ਵਿਧਾਇਕ ਦੀ ਕਾਰ ਨੂੰ ਵੀ ਨੁਕਸਾਨ ਪਹੁੰਚਾਇਆ। ਘਟਨਾ ਬਾਨਪੁਰ ਬਲਾਕ ਦੇ ਦਫਤਰ ਨੇੜੇ ਹੋਈ ਜਿੱਥੇ ਬਲਾਕ ਪ੍ਰਧਾਨ ਦੀ ਚੋਣ ਚੱਲ ਰਹੀ ਸੀ। ਬਲਾਕ ਦਫ਼ਤਰ ’ਚ ਕਈ ਲੋਕ ਜਮ੍ਹਾ ਸਨ। ਭਾਜਪਾ ਦੇ ਜਨਰਲ ਸਕੱਤਰ ਪ੍ਰਿਥਵੀ ਰਾਜ ਨੇ ਘਟਨਾ ਦੀ ਤਿੱਖੇ ਸ਼ਬਦਾਂ ’ਚ ਨਿੰਦਾ ਕਰਦੇ ਹੋਏ ਕਿਹਾ ਕਿ ਅਜਿਹੇ ਵਿਧਾਇਕ ਨੂੰ ਉਸ ਦੇ ਗੈਰ-ਮਨੁੱਖੀ ਕੰਮ ਲਈ ਜੇਲ ਦੀਆਂ ਸੀਖਾਂ ਪਿੱਛੇ ਹੋਣਾ ਚਾਹੀਦਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਮੁੱਖ ਮੰਤਰੀ ਨਵੀਨ ਪਟਨਾਇਕ ਜਗਦੇਵ ਵਿਰੁੱਧ ਸਖਤ ਤੇ ਢੁਕਵੀਂ ਕਾਰਵਾਈ ਕਰਨਗੇ। ਸੂਤਰਾਂ ਨੇ ਦੱਸਿਆ ਕਿ ਜ਼ਖ਼ਮੀਆਂ ’ਚੋਂ ਬਾਨਪੁਰ ਦੇ ਆਈ. ਆਈ. ਸੀ. ਅਤੇ ਇਕ ਸਥਾਨਕ ਵਿਅਕਤੀ ਗੰਭੀਰ ਜ਼ਖਮੀ ਹਨ। ਉਨ੍ਹਾਂ ਨੂੰ ਭੁਵਨੇਸ਼ਵਰ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਨੋਟ ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            