ਮੋਬਾਇਲ ਚਲਾਉਣ ਤੋਂ ਰੋਕਦੀ ਸੀ ਭੂਆ, ਨਾਬਾਲਗ ਭਤੀਜਿਆਂ ਨੇ ਬੇਰਹਿਮੀ ਨਾਲ ਕਰ ਦਿੱਤਾ ਕਤਲ
Saturday, Feb 05, 2022 - 12:39 PM (IST)
ਰਾਏਗੜ੍ਹ (ਵਾਰਤਾ)- ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ 'ਚ ਇਕ ਮਾਮੂਲੀ ਵਿਵਾਦ 'ਤੇ 2 ਨਾਬਾਲਗ ਭਤੀਜੀਆਂ ਵਲੋਂ ਆਪਣੀ ਭੂਆ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਹਾਂ ਭੈਣਾਂ ਨੇ ਤੇਜ਼ਧਾਰ ਹਥਿਆਰ ਨਾਲ ਭੂਆ ਦਾ ਕਤਲ ਕਰ ਦਿੱਤਾ। ਪੁਲਸ ਸੂਤਰਾਂ ਅਨੁਸਾਰ ਚੱਕਰਧਰ ਨਗਰ ਥਾਣਾ ਖੇਤਰ 'ਚ ਮੋਬਾਇਲ ਫ਼ੋਨ ਨੂੰ ਲੈ ਕੇ ਹੋਏ ਵਿਵਾਦ 'ਚ 2 ਨਾਬਾਲਗ ਬੱਚੀਆਂ ਨੇ ਆਪਣੀ ਭੂਆ ਤੁਲਸੀ ਭਾਟ ਦਾ ਸ਼ੁੱਕਰਵਾਰ ਦੇਰ ਰਾਤ ਕਤਲ ਕਰ ਦਿੱਤਾ। 35 ਸਾਲਾ ਤੁਲਸੀ ਦਾ ਵਿਆਹ ਨਹੀਂ ਹੋਇਆ ਸੀ। ਇਸ ਲਈ ਉਹ ਆਪਣੇ ਭਰਾ ਦੇ ਘਰ ਹੀ ਰਹਿੰਦੀ ਸੀ। ਉਸ ਦੀ 17 ਅਤੇ 15 ਸਾਲ ਦੀਆਂ 2 ਭਤੀਜੀਆਂ ਵੀ ਹਨ। ਵੱਡੀ ਭਤੀਜੀ ਨੇ 10ਵੀਂ ਤੋਂ ਬਾਅਦ ਸਕੂਲ ਜਾਣਾ ਬੰਦ ਕਰ ਦਿੱਤਾ। ਛੋਟੀ ਭਤੀਜੀ 10ਵੀਂ 'ਚ ਪੜ੍ਹਦੀ ਹੈ।
ਇਹ ਵੀ ਪੜ੍ਹੋ : ਹਿਜਾਬ ਨੂੰ ਸਿੱਖਿਆ ਦੇ ਰਸਤੇ 'ਚ ਲਿਆ ਕੇ ਧੀਆਂ ਦਾ ਭਵਿੱਖ ਖੋਹਿਆ ਜਾ ਰਿਹੈ : ਰਾਹੁਲ
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਭੈਣਾਂ ਆਪਣੇ ਦੋਸਤਾਂ ਨਾਲ ਗੱਲ ਕਰਨ ਲਈ ਆਪਣੀ ਭੂਆ ਦੇ ਫ਼ੋਨ ਦਾ ਇਸਤੇਮਾਲ ਕਰਦੀਆਂ ਸਨ। ਇਸੇ ਗੱਲ ਤੋਂ ਤੁਲਸੀ ਨਾਰਾਜ਼ ਹੁੰਦੀ ਸੀ। ਤੁਲਸੀ ਦੋਹਾਂ ਕੁੜੀਆਂ ਨੂੰ ਕਹਿੰਦੀ ਸੀ ਕਿ ਫ਼ੋਨ ਨਾ ਇਸਤੇਮਾਲ ਕਰੋ, ਫ਼ੋਨ 'ਤੇ ਦੋਸਤਾਂ ਨਾਲ ਜ਼ਿਆਦਾ ਗੱਲ ਨਾ ਕਰੋ। ਇਸੇ ਗੱਲ ਤੋਂ ਨਾਰਾਜ਼ ਹੋ ਕੇ ਦੋਹਾਂ ਭੈਣਾਂ ਨੇ ਭੂਆ ਦੇ ਕਤਲ ਦੀ ਯੋਜਨਾ ਬਣਾਈ। ਜਦੋਂ ਸਾਰੇ ਸੌਂ ਗਏ ਤਾਂ ਇਨ੍ਹਾਂ ਨੇ ਆਪਣੀ ਭੂਆ ਦਾ ਕਤਲ ਕਰ ਦਿੱਤਾ। ਘਟਨਾ ਦੀ ਸਵੇਰ ਜਦੋਂ ਸਾਰੇ ਉਠੇ ਤਾਂ ਉਨ੍ਹਾਂ ਨੇ ਤੁਲਸੀ ਦੀ ਲਾਸ਼ ਖੂਨ ਨਾਲ ਲੱਥਪੱਥ ਦੇਖੀ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਫਿਰ ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕੀਤੀ। ਪੁਲਸ ਨੇ ਸਭ ਤੋਂ ਪਹਿਲਾਂ ਪਰਿਵਾਰ ਵਾਲਿਆਂ ਨਾਲ ਗੱਲਬਾਤ ਸ਼ੁਰੂ ਕੀਤੀ ਉੱਥੇ ਹੀ ਮ੍ਰਿਤਕਾ ਦੀਆਂ ਦੋਵੇਂ ਭਤੀਜਿਆਂ ਦੇ ਵੀ ਬਿਆਨ ਲਏ ਗਏ। ਪਹਿਲਾਂ ਤਾਂ ਦੋਹਾਂ ਨੇ ਪੁਲਸ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਗਈ ਤਾਂ ਦੋਹਾਂ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ। ਇਨ੍ਹਾਂ ਨਾਬਾਲਗ ਭੈਣਾਂ ਨੂੰ ਹਿਰਾਸਤ 'ਚ ਲੈ ਕੇ ਕਿਸ਼ੋਰ ਨਿਆਂ ਬੋਰਡ ਭੇਜਿਆ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ