ਵਿਦੇਸ਼ ਜਾਣ ਵਾਲਿਆਂ ਤੇ ਉਥੇ ਫਸੇ ਭਾਰਤੀਆਂ ਦੀ ਵਾਪਸੀ ਲਈ ਗ੍ਰਹਿ ਮੰਤਰਾਲਾ ਨੇ ਜਾਰੀ ਕੀਤੇ ਨਵੇਂ ਹੁਕਮ
Monday, May 25, 2020 - 09:40 AM (IST)
ਨਵੀਂ ਦਿੱਲੀ : ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਲਾਗੂ ਲਾਕਡਾਊਨ ਕਾਰਨ ਵਿਦੇਸ਼ ਵਿਚ ਫਸੇ ਭਾਰਤੀਆਂ ਦੀ ਵਾਪਸੀ ਲਈ ਐਤਵਾਰ ਨੂੰ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ (ਐੱਸ.ਓ.ਪੀ.) ਜਾਰੀ ਕੀਤੀ ਹੈ ਅਤੇ ਕਿਹਾ ਕਿ ਇਸ ਸੇਵਾ ਲਈ ਉਨ੍ਹਾਂ ਨੂੰ ਭੁਗਤਾਨ ਕਰਨਾ ਹੋਵੇਗਾ। ਇਸ ਵਿਚ ਗਰਭਵਤੀ ਔਰਤਾਂ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ, ਜੋ ਪਰੇਸ਼ਾਨੀ ਵਿਚ ਹੋਣ ਜਾਂ ਜਿਨ੍ਹਾਂ ਦੀ ਨੌਕਰੀ ਚਲੀ ਗਈ ਹੋਵੇ। ਅਜਿਹੀ ਹੀ ਐੱਸ.ਓ.ਪੀ. ਸਰਕਾਰ ਨੇ ਉਨ੍ਹਾਂ ਲੋਕਾਂ ਲਈ ਵੀ ਜਾਰੀ ਕੀਤੀ ਹੈ ਜੋ ਭਾਰਤ ਵਿਚ ਫਸੇ ਹਨ ਅਤੇ ਵਿਦੇਸ਼ ਯਾਤਰਾ ਦੀ ਇੱਛਾ ਰੱਖਦੇ ਹਨ।
ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਜਾਰੀ ਨਵੀਂ ਐੱਸ.ਓ.ਪੀ. ਮੁਤਾਬਕ ਜੋ ਲੋਕ ਵਿਦੇਸ਼ ਤੋਂ ਭਾਰਤ ਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵਿਦੇਸ਼ ਮੰਤਰਾਲਾ ਵੱਲੋਂ ਦੱਸੇ ਗਏ ਲੋੜੀਂਦੇ ਵੇਰਵਿਆਂ ਨਾਲ ਉਸ ਦੇਸ਼ ਵਿਚ ਭਾਰਤੀ ਮਿਸ਼ਨ ਵਿਚ ਰਜਿਸਟਰੇਸ਼ਨ ਕਰਾਉਣਾ ਹੋਵੇਗਾ। ਐੱਸ.ਓ.ਪੀ. ਵਿਚ ਕਿਹਾ ਗਿਆ ਕਿ ਪਹਿਲ ਬੇਹੱਦ ਪਰੇਸ਼ਾਨੀ ਝੱਲ ਰਹੇ ਲੋਕਾਂ, ਪ੍ਰਵਾਸੀ ਕਾਮਿਆਂ, ਮਜ਼ਦੂਰਾਂ ਜਿਨ੍ਹਾਂ ਦੀ ਨੌਕਰੀ ਤੋਂ ਛਾਂਟੀ ਕਰ ਦਿੱਤੀ ਗਈ ਹੋਵੇ, ਵੀਜਾ ਮਿਆਦ ਦੇ ਖ਼ਤਮ ਹੋਣ ਦਾ ਸਾਹਮਣਾ ਕਰ ਰਹੇ, ਛੋਟੀ ਮਿਆਦ ਵਾਲੇ ਵੀਜ਼ਾ ਧਾਰਕਾਂ, ਡਾਕਟਰੀ ਐਮਰਜੈਂਸੀ ਦਾ ਸਾਹਮਣਾ ਕਰ ਰਹੇ ਲੋਕਾਂ, ਗਰਭਵਤੀ ਔਰਤਾਂ, ਬਜ਼ੁਰਗਾਂ, ਜਿਨ੍ਹਾਂ ਨੂੰ ਪਰਿਵਾਰ ਦੇ ਕਿਸੇ ਮੈਂਬਰ ਦੀ ਮੌਤ ਹੋਣ ਕਾਰਨ ਭਾਰਤ ਆਉਣਾ ਹੋਵੇ ਅਤੇ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ।
ਯਾਤਰੀ ਖੁੱਦ ਚੁੱਕਣਗੇ ਆਪਣਾ ਖਰਚ
ਇਸ ਵਿਚ ਕਿਹਾ ਗਿਆ ਕਿ ਯਾਤਰਾ ਦਾ ਖਰਚ ਯਾਤਰੀ ਨੂੰ ਖੁੱਦ ਚੁੱਕਣਾ ਹੋਵੇਗਾ। ਐੱਸ.ਓ.ਪੀ. ਵਿਚ ਕਿਹਾ ਗਿਆ ਕਿ ਵਿਦੇਸ਼ ਤੋਂ ਆਉਣ ਵਾਲੇ ਸਾਰੇ ਲੋਕਾਂ ਨੂੰ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵੱਲੋਂ ਜਾਰੀ ਨਵੇਂ ਕੁਆਰੰਟੀਨ ਹੁਕਮਾਂ ਦੀ ਪਾਲਣਾ ਕਰਨੀ ਹੋਵੇਗੀ।