ਕੋਰੋਨਾ : ਸਿਹਤ ਮੰਤਰਾਲਾ ਨੇ ਕਿਹਾ- ਹਰ ਦਿਨ ਜੰਗ ਵਾਂਗ, ਹੁਣ ਤਕ 149 ਮੌਤਾਂ
Wednesday, Apr 08, 2020 - 05:05 PM (IST)

ਨਵੀਂ ਦਿੱਲੀ— ਕੋਰੋਨਾ ਦੀ ਆਫਤ ਨੂੰ ਲੈ ਕੇ ਸਿਹਤ ਮੰਤਰਾਲਾ ਨੇ ਰੋਜ਼ਾਨਾ ਵਾਂਗ ਪ੍ਰੈੱਸ ਕਾਨਫਰੰਸ ਕੀਤੀ। ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵਧ ਕੇ 5,194 ਹੋ ਗਈ ਹੈ, ਜਦਕਿ 149 ਲੋਕ ਇਸ ਖਤਰਨਾਕ ਵਾਇਰਸ ਤੋਂ ਆਪਣੀ ਜਾਨ ਗੁਆ ਚੁੱਕੇ ਹਨ। ਸਿਹਤ ਮੰਤਰਾਲਾ ਮੁਤਾਬਕ ਇਸ ਵਾਇਰਸ ਤੋਂ 402 ਲੋਕ ਠੀਕ ਵੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲਾਂ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਅਗਰਵਾਲ ਮੁਤਾਬਕ 24 ਘੰਟਿਆਂ ਅੰਦਰ 773 ਨਵੇਂ ਮਰੀਜ਼ ਸਾਹਮਣੇ ਆਏ ਹਨ, ਵਾਇਰਸ ਫੈਲਣ ਦੀ ਚੇਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਹਨ, ਹਰ ਦਿਨ ਜੰਗ ਵਾਂਗ ਹੈ। ਅਜਿਹੇ ਵਿਚ ਸਾਡੀ ਪ੍ਰਤੀਕਿਰਿਆ ਅਤੇ ਤਿਆਰੀ 'ਚ ਵੀ ਉਸੇ ਮੁਤਾਬਕ ਤੇਜ਼ੀ ਲਿਆਂਦੀ ਜਾ ਰਹੀ ਹੈ।
ਸਿਹਤ ਮੰਤਰਾਲਾ ਨੇ ਕਿਹਾ ਕਿ ਕੋਰੋਨਾ 'ਤੇ ਟ੍ਰੇਨਿੰਗ ਲਈ ਆਨਲਾਈਨ ਪੋਰਟਲ ਲਾਂਚ ਕੀਤਾ ਗਿਆ ਹੈ। ਵਿਸ਼ੇਸ਼ ਹਸਪਤਾਲ ਅਤੇ ਸੈਂਟਰ ਬਣਨਗੇ। ਸਿਹਤ ਸਹੂਲਤਾਂ ਨੂੰ ਵਧਾਇਆ ਜਾ ਰਿਹਾ ਹੈ। ਕੇਸ ਵਧਣ ਨਾਲ ਸਾਡਾ ਐਕਸ਼ਨ ਤੇਜ਼ ਹੁੰਦਾ ਜਾ ਰਿਹਾ ਹੈ। ਲਵ ਅਗਰਵਾਲ ਨੇ ਅੱਗੇ ਕਿਹਾ ਕਿ ਇਹ ਯਕੀਨੀ ਕੀਤਾ ਗਿਆ ਹੈ ਕਿ ਭਵਿੱਖ 'ਚ ਨਾ ਸਿਰਫ ਅੱਜ ਵੀ, ਸਗੋਂ ਜਦੋਂ ਵੀ ਲੋੜ ਹੋਵੇ ਤਾਂ ਹਾਈਡ੍ਰੋਕਸੀਕੋਰੋਕਵਾਈਨ ਦਵਾਈ ਦੀ ਕਮੀ ਨਾ ਹੋਵੇ। ਹਸਪਤਾਲਾਂ 'ਚ ਇਨਫੈਕਸ਼ਨ ਤੋਂ ਬਚਣ 'ਤੇ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਇਸ ਨੂੰ ਰੋਕਣ ਦੇ ਉੁਪਾਵਾਂ ਦਾ ਪਾਲਣ ਕੀਤਾ ਜਾ ਰਿਹਾ ਹੈ, ਤਾਂ ਕਿ ਸਿਹਤ ਕਰਮਚਾਰੀ ਕੋਰੋਨਾ ਵਾਇਰਸ ਤੋਂ ਪੀੜਤ ਨਾ ਹੋਣ।
ਪ੍ਰੈੱਸ ਕਾਨਫਰੰਸ ਦੌਰਾਨ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਨੇ ਦੱਸਿਆ ਕਿ ਹੁਣ ਤਕ ਕੁੱਲ 1,21,271 ਲੋਕਾਂ ਦੀ ਜਾਂਚ ਕੀਤੀ ਗਈ ਹੈ। ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਨੇ ਦੁਨੀਆ ਦੇ ਸਾਹਮਣੇ ਵੱਡੀ ਆਫਤ ਖੜ੍ਹੀ ਕਰ ਦਿੱਤੀ ਹੈ। ਭਾਰਤ ਵੀ ਇਸ ਤੋਂ ਬਚਿਆ ਨਹੀਂ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਕੋਰੋਨਾ ਮਰੀਜ਼ਾਂ ਦੇ ਅੰਕੜੇ ਲਗਾਤਾਰ ਵਧ ਰਹੇ ਹਨ।