ਸੜਕ ਤੇ ਫੌਜੀ ਕੈਂਪ ਦਾ ਨਾਂ ਜਨਰਲ ਰਾਵਤ ਦੇ ਨਾਂ ’ਤੇ ਰੱਖਿਆ ਗਿਆ
Sunday, Sep 11, 2022 - 05:56 PM (IST)

ਕਿਬਿਥੂ– ਅਰੁਣਾਚਲ ਪ੍ਰਦੇਸ਼ ਦੇ ਵਾਲੋਂਗ ਤੋਂ ਕਿਬਿਥੂ ਜਾਣ ਵਾਲੀ 22 ਕਿਲੋਮੀਟਰ ਲੰਬੀ ਸੜਕ ਦਾ ਨਾਂ ਭਾਰਤ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੇ ਨਾਂ ’ਤੇ ਰੱਖਿਆ ਗਿਆ ਹੈ। ਰਾਵਤ ਦੀ 9 ਮਹੀਨੇ ਪਹਿਲਾਂ ਇਕ ਹੈਲੀਕਾਪਟਰ ਹਾਦਸੇ ’ਚ ਮੌਤ ਹੋ ਗਈ ਸੀ। ਰਾਵਤ ਨੇ ਕਰਨਲ ਦੇ ਅਹੁਦੇ ’ਤੇ ਰਹਿੰਦਿਆਂ 1999-2000 ਤਕ ਕਿਬਿਥੂ ਵਿਖੇ ਆਪਣੀ ਬਟਾਲੀਅਨ ਦੀ ਕਮਾਂਡ ਸੰਭਾਲੀ ਸੀ। ਇਲਾਕੇ ’ਚ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ’ਚ ਉਨ੍ਹਾਂ ਵੱਡਾ ਯੋਗਦਾਨ ਪਾਇਆ ਸੀ।
ਇਸ ਸਬੰਧੀ ਇਥੇ ਹੋਏ ਇਕ ਸਮਾਰੋਹ ’ਚ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ, ਜਨਰਲ ਰਾਵਤ ਦੀਆਂ ਦੋਵੇਂ ਬੇਟੀਆਂ ਕ੍ਰਿਤਿਕਾ ਅਤੇ ਤਾਰਿਣੀ ਅਤੇ ਫੌਜ ਦੇ ਚੋਟੀ ਦੇ ਅਧਿਕਾਰੀ ਸ਼ਾਮਲ ਹੋਏ। ਕਿਬਿਥੂ ਫੌਜੀ ਕੈਂਪ ਦਾ ਨਾਂ ਬਦਲ ਕੇ ‘ਜਨਰਲ ਬਿਪਿਨ ਰਾਵਤ ਮਿਲਟਰੀ ਗੈਰੀਸਨ’ ਰੱਖ ਦਿੱਤਾ ਗਿਆ ਹੈ। ਸੂਬੇ ਦੇ ਰਾਜਪਾਲ ਨੇ ਇਸ ਫੌਜੀ ਕੈਂਪ ’ਚ ਸਥਾਨਕ ਰਵਾਇਤੀ ਵਾਸਤੂ ਕਲਾ ਸ਼ੈਲੀ ਵਿਚ ਬਣੇ ਇਕ ਵਿਸ਼ੇਸ਼ ਦਰਵਾਜ਼ੇ ਦਾ ਵੀ ਉਦਘਾਟਨ ਕੀਤਾ। ਜਨਰਲ ਬਿਪਿਨ ਰਾਵਤ ਦੀ ਆਦਮਕੱਦ ਤਸਵੀਰ ਦੀ ਘੁੰਡ ਚੁਕਾਈ ਕੀਤੀ ਗਈ।