''ਘੁਸਪੈਠ ਦੀ ਤਿਆਰੀ ''ਚ ਅੱਤਵਾਦੀ, POK ਦੇ ਸਾਰੇ ਕੈਂਪ ਅਤੇ ਲਾਂਚਿੰਗ ਪੈਡ ਭਰੇ''

05/31/2020 5:19:29 PM

ਨਵੀਂ ਦਿੱਲੀ (ਭਾਸ਼ਾ)— ਭਾਰਤੀ ਫੌਜ ਦੇ ਉੱਚ ਕਮਾਂਡਰ ਲੈਫਟੀਨੈਂਟ ਜਨਰਲ ਬੀ. ਐੱਸ. ਰਾਜੂ ਮੁਤਾਬਕ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਵਿਚ ਮੌਜੂਦ ਅੱਤਵਾਦੀਆਂ ਦੇ ਕੈਂਪ ਅਤੇ ਭਾਰਤੀ ਸਰਹੱਦ 'ਚ ਘੁਸਪੈਠ ਕਰਾਉਣ ਲਈ ਤਿਆਰ 15 ਲਾਂਚਿੰਗ ਪੈਡ ਅੱਤਵਾਦੀਆਂ ਨਾਲ ਭਰੇ ਪਏ ਹਨ। ਉਨ੍ਹਾਂ ਨੇ ਇਸ ਗੱਲ ਦਾ ਖਦਸ਼ਾ ਜਤਾਇਆ ਹੈ ਕਿ ਗਰਮੀ ਦੇ ਮੌਸਮ ਵਿਚ ਸਰਹੱਦ ਪਾਰ ਤੋਂ ਘੁਸਪੈਠ ਕਰਾਉਣ ਦੀਆਂ ਕੋਸ਼ਿਸ਼ਾਂ ਵੱਧ ਸਕਦੀਆਂ ਹਨ। ਲੈਫਟੀਨੈਂਟ ਰਾਜੂ ਨੇ ਇਕ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ 'ਚ ਜ਼ੋਰ ਦੇ ਕੇ ਕਿਹਾ ਕਿ ਕਸ਼ਮੀਰ ਘਾਟੀ ਵਿਚ ਅੱਤਵਾਦੀ ਦੀ ਕਮਰ ਲੱਗਭਗ ਟੁੱਟ ਗਈ ਹੈ ਅਤੇ ਪਾਕਿਸਤਾਨ ਨੂੰ ਇਹ 'ਹਜ਼ਮ' ਨਹੀਂ ਹੋ ਰਿਹਾ ਕਿ ਕਸ਼ਮੀਰੀ ਸ਼ਾਂਤੀ ਨਾਲ ਰਹਿ ਰਹੇ ਹਨ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਵਿਚ ਸੁਧਾਰ ਹੋਇਆ ਹੈ।

ਜ਼ਿਕਰਯੋਗ ਹੈ ਕਿ ਲੈਫਟੀਨੈਂਟ ਜਨਰਲ ਰਾਜੂ ਨੇ ਸ਼੍ਰੀਨਗਰ ਵਿਚ ਰਣਨੀਤਕ ਰੂਪ ਨਾਲ ਮਹੱਤਵਪੂਰਨ 15ਵੀਂ ਕਾਰਪ ਦੀ ਕਮਾਨ 1 ਮਾਰਚ ਨੂੰ ਸੰਭਾਲੀ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਪਿਛਲੇ 30 ਸਾਲਾਂ ਤੋਂ ਘੁਸਪੈਠੀਆਂ ਦੀ ਮਦਦ ਕਰ ਰਿਹਾ ਹੈ। ਪਾਕਿਸਤਾਨੀ ਫੌਜ ਅੱਤਵਾਦੀ ਸਮੂਹਾਂ ਨੂੰ ਘੁਸਪੈਠ ਕਰਾਉਣ ਲਈ ਲਗਾਤਾਰ ਜੰਗਬੰਦੀ ਦਾ ਉਲੰਘਣ ਕਰ ਰਹੀ ਹੈ ਪਰ ਨਾਲ ਹੀ ਕਿਹਾ ਕਿ ਭਾਰਤ ਵਲੋਂ ਤਿੱਖੇ ਅਤੇ ਸਖਤੀ ਨਾਲ ਦਿੱਤੇ ਗਏ ਜਵਾਬ ਤੋਂ ਉਹ ਨਿਰਾਸ਼ ਹੈ। ਲੈਫਟੀਨੈਂਟ ਨੇ ਕਿਹਾ ਕਿ ਜੇਕਰ ਕੋਈ ਹਥਿਆਰ ਚੁੱਕਦਾ ਹੈ ਜਾਂ ਦੇਸ਼ ਪ੍ਰਤੀ ਗਲਤ ਇਰਾਦਾ ਰੱਖਦਾ ਹੈ ਤਾਂ ਉਸ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। 

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪੂਰੀ ਦੁਨੀਆ ਕੋਰੋਨਾ ਦੀ ਲਪੇਟ 'ਚ ਹੈ ਤਾਂ ਅਜਿਹੇ ਵਿਚ ਸਰਹੱਦ ਪਾਰ ਤੋਂ ਵਧੀ ਘੁਸਪੈਠ ਦੀਆਂ ਕੋਸ਼ਿਸ਼ਾਂ ਦਾ ਮੁਕਾਬਲਾ ਕਰਨ ਲਈ ਫੌਜ ਕੀ ਕਰ ਰਹੀ ਹੈ? ਇਸ ਦੇ ਜਵਾਬ 'ਚ ਲੈਫਟੀਨੈਂਟ ਰਾਜੂ ਨੇ ਕਿਹਾ ਕਿ ਪਾਕਿਸਤਾਨ ਇਹ ਹਜ਼ਮ ਨਹੀਂ ਕਰ ਪਾ ਰਿਹਾ ਕਿ ਕਸ਼ਮੀਰੀ ਸ਼ਾਂਤੀ ਨਾਲ ਰਹਿ ਰਹੇ ਹਨ ਅਤੇ ਕਾਨੂੰਨ ਵਿਵਸਥਾ ਬਿਹਤਰ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜਦੋਂ ਪੂਰੀ ਦੁਨੀਆ ਕੋਰੋਨਾ ਦਾ ਮੁਕਾਬਲਾ ਕਰਨ ਲਈ ਇਕਜੁੱਟ ਹੋ ਰਹੀ ਹੈ ਤਾਂ ਉਸ ਸਮੇਂ ਵੀ ਪਾਕਿਸਤਾਨ ਕੰਟਰੋਲ ਰੇਖਾ 'ਤੇ ਆਪਣੇ ਨਾਪਾਕ ਮਨਸੂਬਿਆਂ ਨੂੰ ਅੰਜ਼ਾਮ ਦੇਣ ਵਿਚ ਲੱਗਾ ਹੈ। ਸਰਹੱਦ 'ਤੇ ਤਾਇਨਾਤ ਸਾਡੇ ਫੌਜੀ ਸਾਜ਼ੋ-ਸਾਮਾਨ ਨਾਲ ਲੈੱਸ ਹਨ ਅਤੇ ਕਿਸੇ ਵੀ ਹਰਕਤ ਦਾ ਮਾਕੂਲ ਜਵਾਬ ਦੇਣਗੇ। ਫੌਜ ਪੂਰੇ ਪੇਸ਼ੇਵਰ ਤਰੀਕੇ ਨਾਲ ਭਾਰਤ ਅਤੇ ਗੁਆਂਢੀ ਖੇਤਰਾਂ ਵਿਚ ਕੋਰੋਨਾ ਵਾਇਰਸ ਦੀ ਮਹਾਮਾਰੀ ਦਾ ਮੁਕਾਬਲਾ ਕਰ ਰਹੀ ਹੈ ਅਤੇ ਇਸ ਦੇ ਨਾਲ-ਨਾਲ ਕੰਟਰੋਲ ਰੇਖਾ ਅਤੇ ਅੰਦਰੂਨੀ ਇਲਾਕੇ ਵਿਚ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਰਹੀ ਹੈ। 


Tanu

Content Editor

Related News